ਮਲੇਰਕੋਟਲਾ, 3 ਜਨਵਰੀ (ਮਨਜਿੰਦਰ ਸਿੰਘ ਸਰੌਦ) - ਮਲੇਰਕੋਟਲਾ ਵਿਖੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਜਨਰਲ ਸਕੱਤਰ ਤੇ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਨੇ ਆਗਾਮੀ ਨਗਰ ਕੌਂਸਲ ਚੋਣਾਂ ਸਬੰਧੀ ਸੀਨੀਅਰ ਆਗੂਆਂ ਨਾਲ ਅਹਿਮ ਮੀਟਿੰਗ ਕੀਤੀ ਜਿਸ ਵਿਚ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚੋਂ ਚੋਣਾਂ ਲੜਨ ਦੇ ਚਾਹਵਾਨ ਉਮੀਦਵਾਰਾਂ ਦੇ ਨਾਵਾਂ ਬਾਰੇ ਚਰਚਾ ਕੀਤੀ ਗਈ | ਉਨ੍ਹਾਂ ਦੱਸਿਆ ਕਿ ਮਲੇਰਕੋਟਲਾ ਨਗਰ ਕੌਂਸਲ ਦੇ 33 ਵਾਰਡ ਹਨ ਜਿਸ ਸਬੰਧੀ ਸੀਨੀਅਰ ਆਗੂਆਂ ਦੇ ਨਾਲ ਉਮੀਦਵਾਰਾਂ ਬਾਰੇ ਵਿਚਾਰ ਵਟਾਂਦਰਾ ਕੀਤਾ | ਮੀਟਿੰਗ ਨੂੰ ਸੰਬੋਧਨ ਕਰਦਿਆਂ ਬੀਬਾ ਜ਼ਾਹਿਦਾ ਸੁਲੇਮਾਨ ਨੇ ਦਾਅਵਾ ਕੀਤਾ ਕਿ ਜਿਸ ਤਰ੍ਹਾਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਅਕਾਲੀ ਦਲ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ, ਉਸੇ ਤਰ੍ਹਾਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸ਼ਹਿਰ ਵਾਸੀਆਂ ਅੰਦਰ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ | ਸ਼ਹਿਰ ਵਾਸੀ ਅਕਾਲੀ ਦਲ ਨੂੰ ਜਿਤਾਉਣ ਲਈ ਤਿਆਰ ਬੈਠੇ ਹਨ ਕਿਉਂਕਿ ਅਕਾਲੀ ਦਲ ਦੀਆਂ ਸਰਕਾਰਾਂ ਨੇ ਲੋਕ-ਪੱਖੀ ਕੰਮ ਕੀਤੇ ਹਨ ਜਦਕਿ ਕਾਂਗਰਸ ਅਤੇ 'ਆਪ' ਨੇ ਲੋਕਾਂ ਨੂੰ ਸਬਜ਼ਬਾਗ ਹੀ ਵਿਖਾਏ ਹਨ | ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਸਾਫ਼-ਸੁਥਰੇ ਅਕਸ ਵਾਲੇ ਤੇ ਬੇਦਾਗ਼ ਉਮੀਦਵਾਰਾਂ ਨੂੰ ਮੈਦਾਨ ਵਿਚ ਉਤਾਰਿਆ ਜਾਵੇਗਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਿੱਤ ਦਰਜ ਕਰਨ ਤੋਂ ਬਾਅਦ ਮਲੇਰਕੋਟਲਾ ਦੀ ਸਿਆਸਤ ਵਿਚ ਨਵੀਂ ਦਿਸ਼ਾ ਤੈਅ ਕਰਨਗੇ | ਉਨ੍ਹਾਂ ਕਿਹਾ ਕਿ ਅਗਲੇ ਕੁੱਝ ਦਿਨਾਂ ਵਿਚ ਕਈ ਵੱਡੇ ਲੀਡਰ ਅਕਾਲੀ ਦਲ ਵਿਚ ਸ਼ਮੂਲੀਅਤ ਕਰਨਗੇ | ਸ਼ਹਿਰ ਅੰਦਰ ਸਖ਼ਤ ਮਿਹਨਤ ਕਰਕੇ ਹਰ ਘਰ ਤਕ ਪਹੁੰਚ ਕੀਤੀ ਜਾਵੇਗੀ | ਵਰਕਰਾਂ ਨੂੰ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਚੌਧਰੀ ਮੁਹੰਮਦ ਸਦੀਕ, ਸਾਬਕਾ ਕੌਂਸਲਰ ਡਾ. ਮੁਹੰਮਦ ਜ਼ਾਹਿਦ, ਸਾਬਕਾ ਕੌਂਸਲਰ ਮੁਹੰਮਦ ਰਫ਼ੀਕ ਫੋਗਾ, ਚੌਧਰੀ ਮੁਹੰਮਦ ਸ਼ਮਸ਼ਾਦ, ਡਾ. ਮੁਹੰਮਦ ਮੁਸ਼ਤਾਕ ਅਤੇ ਹੋਰ ਕਈ ਨੇਤਾਵਾਂ ਨੇ ਸੰਬੋਧਨ ਕੀਤਾ | ਇਸ ਮੌਕੇ ਚੌਧਰੀ ਮੁਹੰਮਦ ਸੁਲੇਮਾਨ ਨੋਨਾ, ਹਾਜੀ ਸ਼ੌਕਤ ਅਲੀ, ਪੱਪੂ ਖ਼ਾਨ, ਮੁਹੰਮਦ ਸ਼ੇਰ ਖ਼ਾਨ, ਮੁਹੰਮਦ ਅਮਜਦ ਆਜੂ, ਚੌਧਰੀ ਮੁਹੰਮਦ ਸ਼ਮਸ਼ਾਦ, ਮੁਹੰਮਦ ਅਸਲਮ ਰਾਜਾ ਕਿਲ੍ਹਾ ਰਹਿਮਤਗੜ੍ਹ, ਮੁਹੰਮਦ ਸ਼ਮਸ਼ਾਦ ਕਿਲ੍ਹਾ ਰਹਿਮਤਗੜ੍ਹ, ਮੁਹੰਮਦ ਅਖ਼ਤਰ ਹਾਂਡਾ, ਬਲਵਿੰਦਰ ਸਿੰਘ ਢੀਂਡਸਾ, ਕੁਲਦੀਪ ਸਿੰਘ ਸੁਪਰਡੈਂਟ, ਹਰਪ੍ਰੀਤ ਸਿੰਘ ਜਮਾਲਪੁਰਾ, ਭੋਲਾ ਜਮਾਲਪੁਰਾ, ਮੁਹੰਮਦ ਸ਼ਕੂਰ, ਚੌਧਰੀ ਮੁਹੰਮਦ ਸਦੀਕ, ਸ੍ਰੀ ਰਵੀ ਬੱਗਣ, ਚੌਧਰੀ ਮੁਹੰਮਦ ਸ਼ਾਹਿਦ ਸਣੇ ਕਈ ਅਕਾਲੀ ਆਗੂ ਅਤੇ ਵਰਕਰ ਹਾਜ਼ਰ ਸਨ |