ਧਨੌਲਾ, 3 ਜਨਵਰੀ (ਜਤਿੰਦਰ ਸਿੰਘ ਧਨੌਲਾ)-ਕਮਿਊਨਿਟੀ ਹੈਲਥ ਸੈਂਟਰ ਧਨੌਲਾ ਵਿਚੋਂ ਨਸ਼ੇ ਦੀਆਂ ਗੋਲੀਆਂ ਲੈਣ ਵਾਲਿਆਂ ਦੀ ਲੰਬੀ ਹੁੰਦੀ ਜਾ ਰਹੀ ਲਾਈਨ ਗੰਭੀਰ ਚਿੰਤਾ ਦਾ ਵਿਸ਼ਾ ਹੈ | ਜ਼ਿਕਰਯੋਗ ਹੈ ਕਿ ਹਸਪਤਾਲ ਦੇ ਮੇਨ ਗੇਟ ਦੇ ਅੱਗੇ ਹਸਪਤਾਲ ਅੰਦਰੋਂ ਗੋਲੀਆਂ ਲੈ ਕੇ ਵੇਚਣ ਵਾਲਿਆਂ ਦੀ ਅਕਸਰ ਲੜੋ-ਲੜਾਈ ਹੁੰਦੀ ਦੇਖੀ ਜਾਂਦੀ ਹੈ | ਚਰਚਾ ਇਹ ਹੈ ਕਿ ਕੁੱਝ ਵਿਹਲੜ ਲੋਕਾਂ ਵਲੋਂ ਗਾਹੇ ਵਗਾਹੇ ਢੰਗ ਅਖ਼ਤਿਆਰ ਕਰ ਕੇ ਆਪਣੇ ਕਾਰਡ ਬਣਵਾ ਲਏ ਗਏ ਹਨ | ਉਹ ਹਸਪਤਾਲ ਅੰਦਰੋਂ ਆਪਦੇ ਕੋਟੇ ਅਨੁਸਾਰ ਗੋਲੀਆਂ ਹਾਸਲ ਕਰ ਲੈਂਦੇ ਹਨ ਅਤੇ ਬਾਹਰ ਜਾ ਕੇ ਵੇਚ ਦਿੰਦੇ ਹਨ | ਗੋਲੀਆਂ ਵੇਚਣ ਵਾਲੇ ਹਸਪਤਾਲ ਵੀ ਗੇਟ ਬਾਹਰ ਭਾਅ ਵਿਗੜਦਾ ਦੇਖ ਕੇ ਅਕਸਰ ਕਲ਼ੇਸ ਕਰਦੇ ਦੇਖੇ ਜਾਂਦੇ ਹਨ | ਮੰਡੀ ਨਿਵਾਸੀ ਸਿਵਲ ਸਰਜਨ ਪਾਸੋਂ ਬਾਰ-ਬਾਰ ਮੰਗ ਕਰ ਚੁੱਕੇ ਹਨ | ਕਿ ਇੱਥੇ ਗੋਲੀਆਂ ਲੈਣ ਵਾਲਿਆਂ ਦਾ ਮਾਹਿਰ ਡਾਕਟਰਾਂ ਦਾ ਬੈਂਚ ਸਥਾਪਿਤ ਕਰ ਕੇ ਮੁੜ ਚੈੱਕਅਪ ਕੀਤਾ ਜਾਵੇ ਤੇ ਸਿਰਫ਼ ਲੋੜਵੰਦ ਵਿਅਕਤੀਆਂ ਨੂੰ ਹੀ ਨਸ਼ੀਲੀਆਂ ਗੋਲੀਆਂ ਹਾਸਲ ਕਰਨ ਦੇ ਅਧਿਕਾਰ ਦਿੱਤੇ ਜਾਣ | ਇਹ ਮਸਲਾ ਪਹਿਲਾਂ ਵੀ ਕਈ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਗਿਆ ਹੈ | ਇੱਥੋਂ ਤੱਕ ਕਿ ਹਸਪਤਾਲ ਅਗਲੀ ਮਾਰਕੀਟ ਦੇ ਦੁਕਾਨਦਾਰਾਂ ਵਲੋਂ ਥਾਣਾ ਧਨੌਲਾ ਨੂੰ ਲਿਖ ਕੇ ਵੀ ਸੂਚਿਤ ਕੀਤਾ ਗਿਆ ਸੀ | ਕਿ ਇੱਥੇ ਨਸ਼ੇੜੀ ਅਕਸਰ ਲੜਦੇ ਰਹਿੰਦੇ ਹਨ | ਇਨ੍ਹਾਂ ਦੀ ਉੱਚ ਪੱਧਰੀ ਪੜਤਾਲ ਕਰ ਕੇ ਨਕੇਲ ਕਸੀ ਜਾਵੇ | ਪ੍ਰੰਤੂ ਕੁੱਝ ਸਮੇਂ ਲਈ ਪੁਲਿਸ ਪ੍ਰਸ਼ਾਸਨ ਥੋੜੇ੍ਹ ਸਮੇਂ ਲਈ ਹਰਕਤ ਵਿਚ ਆਉਂਦਾ ਹੈ ਤੇ ਮੁੜ ਹਾਲਾਤ ਪਹਿਲਾਂ ਨਾਲੋਂ ਵੀ ਬਦਤਰ ਹੋ ਕੇ ਰਹਿ ਜਾਂਦੇ ਹਨ | ਮੰਡੀ ਨਿਵਾਸੀਆਂ ਦੀ ਪੁਰਜ਼ੋਰ ਮੰਗ ਹੈ ਕਿ ਵੱਧ ਰਹੇ ਨਸ਼ੇੜੀਆਂ ਦੇ ਉੱਚ ਪੱਧਰੀ ਪੜਤਾਲ ਕਰਵਾ ਕੇ ਢੁਕਵੀਂ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ |