ਛਾਜਲੀ, 4 ਜਨਵਰੀ 2025 (ਅਜਾਇਬ ਸਿੰਘ ਨੀਲੋਵਾਲ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿਚ ਸੰਯੁਕਤ ਮੋਰਚੇ ਦੇ ਸੱਦੇ 'ਤੇ ਸੁਨਾਮ ਬਲਾਕ ਦੇ ਦਰਜਨ ਪਿੰਡਾਂ ਵਿਚ ਅੱਜ ਵਿਸ਼ਾਲ ਮੋਟਰਸਾਈਕਲ ਮਾਰਚ ਕੀਤਾ ਗਿਆ | ਮਾਰਚ ਦੌਰਾਨ ਆਗੂਆਂ ਨੇ ਕੇਂਦਰ ਸਰਕਾਰ ਵਲੋਂ ਲਿਆਂਦੇ ਜਾ ਰਹੇ ਕਾਲੇ ਕਾਨੂੰਨਾਂ ਨੂੰ ਕਿਸੇ ਵੀ ਹਾਲਤ ਵਿਚ ਲਾਗੂ ਨਹੀਂ ਹੋਣ ਦੇਣ ਦਾ ਸਾਫ਼ ਸੰਦੇਸ਼ ਦਿੱਤਾ | ਇਨ੍ਹਾਂ ਕਾਲੇ ਕਾਨੂੰਨਾਂ ਵਿਚ ਬਿਜਲੀ ਐਕਟ 2025, ਲੇਬਰ ਕੋਡ ਬਿੱਲ, ਬੀਜ ਸੀਡ ਬਿੱਲ, ਮਨਰੇਗਾ ਬਿੱਲ ਆਦਿ ਸ਼ਾਮਲ ਹਨ | ਆਗੂਆਂ ਨੇ ਕਿਹਾ ਕਿ ਇਹਨਾਂ ਬਿੱਲਾਂ ਰਾਹੀਂ ਕੇਂਦਰ ਸਰਕਾਰ ਭਾਰਤ ਦੀ ਮੰਡੀ ਕਾਰਪੋਰੇਟ ਹਵਾਲੇ ਕਰਨ ਦਾ ਯਤਨ ਕਰ ਰਹੀ ਹੈ, ਪਰ ਪੰਜਾਬ ਦੇ ਕਿਸਾਨ ਅਤੇ ਲੋਕ ਇਹ ਕਾਨੂੰਨ ਕਿਸੇ ਵੀ ਕੀਮਤ 'ਤੇ ਲਾਗੂ ਨਹੀਂ ਹੋਣ ਦੇਣਗੇ | ਮੋਰਚੇ ਵਿਚ ਜਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਬਲਾਕ ਸੈਕਟਰੀ ਰਾਮ ਸ਼ਰਨ ਸਿੰਘ, ਪੈੱ੍ਰਸ ਸਕੱਤਰ ਸੁਖਪਾਲ ਸਿੰਘ ਮਾਣਕ, ਕਣਕਵਾਲ ਹਰਮੇਲ ਸਿੰਘ ਮਹਿਰੋਕ, ਆਲ ਇੰਡੀਆ ਕਿਸਾਨ ਫੈਡਰੇਸ਼ਨ ਤੋਂ ਜਸਵੰਤ ਸਿੰਘ ਬਹਿੜਵਾਲ, ਬਿਜਲੀ ਬੋਰਡ ਵਲੋਂ ਅਜੈ ਕੁਮਾਰ, ਨਰਿੰਦਰ ਕੁਮਾਰ, ਸ਼ਰਮਾ ਰਣਦੀਪ ਅਤੇ ਹੋਰ ਸਥਾਨਕ ਆਗੂ ਪਟੋਲਾ ਜਸਵੀਰ ਕੌਰ, ਮਨਜੀਤ ਕੌਰ ਤੋਲਾਵਾਲ, ਬਲਜੀਤ ਕੌਰ ਖਡਿਆਲ, ਯਾਦਵਿੰਦਰ ਸਿੰਘ ਚੱਠੇ, ਨੱਟਕੇ ਜੀਤ ਸਿੰਘ ਗੰਢੂਆਂ ਅਤੇ ਛਾਜਲੀ ਸ਼ਰਾਬ ਫ਼ੈਕਟਰੀ ਯੂਨੀਅਨ ਬਿੰਦਰਪਾਲ ਸਿੰਘ ਡਕੋਦਾ ਨੇ ਭਾਗ ਲਿਆ | ਮਾਰਚ ਸੁਨਾਮ ਤੋਂ ਸ਼ੁਰੂ ਹੋ ਕੇ ਵੱਖ-ਵੱਖ ਪਿੰਡਾਂ 'ਚ ਹੁੰਦਾ ਹੋਇਆ ਛਾਜਲੀ ਵਿਖੇ ਸਮਾਪਤ ਹੋਇਆ, ਜਿੱਥੇ ਕਿਸਾਨਾਂ ਨੇ ਆਪਣੀ ਇੱਕਤਰਤਾ ਅਤੇ ਪ੍ਰਤੀਬੱਧਤਾ ਦਾ ਪ੍ਰਦਰਸ਼ਨ ਵੀ ਕੀਤਾ |