ਸੁਨਾਮ ਊਧਮ ਸਿੰਘ ਵਾਲਾ, 4 ਜਨਵਰੀ (ਧਾਲੀਵਾਲ, ਭੁੱਲਰ) - ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਰਾਹੁਲ ਚਾਬਾ ਦੀਆਂ ਹਦਾਇਤਾਂ ਅਨੁਸਾਰ ਐਂਟੀ ਬੈਗਿੰਗ ਟਾਸਕ ਫੋਰਸ ਦੀ ਟੀਮ ਵਲੋਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸੰਗਰੂਰ ਨਵਨੀਤ ਕੌਰ ਦੀ ਅਗਵਾਈ ਵਿਚ ਸਿਹਤ ਵਿਭਾਗ ਅਤੇ ਪੁਲਿਸ ਦੇ ਸਹਿਯੋਗ ਨਾਲ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਬਾਲ ਭਿੱਖਿਆ 'ਤੇ ਰੋਕ ਲਾਉਣ ਦੇ ਮੰਤਵ ਨਾਲ ਜੀਵਨਜੋਤ 2.0 ਪ੍ਰੋਜੈਕਟ ਤਹਿਤ ਅਭਿਆਨ ਚਲਾਇਆ ਗਿਆ | ਬਾਲ ਭਲਾਈ ਕਮੇਟੀ ਮੈਂਬਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਦੌਰਾਨ 18 ਸਾਲ ਤੋਂ ਘੱਟ ਉਮਰ ਦੇ ਤਿੰਨ ਬੱਚੇ ਭੀਖ ਮੰਗਦੇ ਪਾਏ ਗਏ ਅਤੇ ਉਨ੍ਹਾਂ ਦੇ ਮਾਪਿਆਂ ਦੇ ਆਉਣ ਤੇ ਚਿਤਾਵਨੀ ਦੇਣ ਉਪਰੰਤ ਛੱਡ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਕੁਝ ਲੋਕਾਂ ਵਲੋਂ ਆਪਣੇ ਬੱਚਿਆਂ ਨੂੰ ਲਿਖਾਈ ਪੜ੍ਹਾਈ ਤੋਂ ਵਾਂਝਾ ਰੱਖ ਕੇ ਕਮਾਈ ਦਾ ਸਾਧਨ ਬਣਾਇਆ ਹੋਇਆ ਹੈ | ਛਾਪੇਮਾਰੀ ਦੌਰਾਨ ਜੇਕਰ ਬੱਚਿਆਂ ਦੇ ਮਾਤਾ ਪਿਤਾ ਆ ਜਾਂਦੇ ਹਨ ਤਾਂ ਉਨ੍ਹਾਂ ਤੋਂ ਬੱਚੇ ਦਾ ਆਧਾਰ ਕਾਰਡ ਵਗ਼ੈਰਾ ਦੇਖ ਕੇ ਅੱਗੇ ਨੂੰ ਅਜਿਹਾ ਨਾਂ ਕਰਨ ਦੀ ਹਦਾਇਤ ਦੇਣ ਉਪਰੰਤ ਛੱਡ ਦਿੱਤਾ ਜਾਂਦਾ ਹੈ | ਜੇਕਰ ਕੋਈ ਵਿਅਕਤੀ ਬੱਚੇ ਦਾ ਕਿਸੇ ਤਰ੍ਹਾਂ ਦਾ ਸਬੂਤ ਦੇਣ ਤੋਂ ਅਸਮਰਥ ਹੁੰਦਾ ਹੈ ਤਾਂ ਉਸ ਬੱਚੇ ਨੂੰ ਬਾਲ ਸੁਰੱਖਿਆ ਘਰ ਵਿਚ ਭੇਜਣ ਉਪਰੰਤ ਉਸ ਦਾ ਡੀ.ਐਨ.ਏ ਟੈੱਸਟ ਕਰਵਾਇਆ ਜਾਂਦਾ ਹੈ ਅਤੇ ਉਸ ਬੱਚੇ ਦੇ ਪਰਿਵਾਰ ਦਾ ਪਤਾ ਲਾਉਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ | ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਧਰੇ ਕੋਈ ਬੱਚਾ ਭੀਖ ਮੰਗਦਾ ਮਿਲੇ ਤਾਂ ਉਸ ਸਬੰਧੀ ਸਬੰਧਿਤ ਵਿਭਾਗ ਜਾ ਪੁਲਿਸ ਨੂੰ ਸੂਚਿਤ ਕੀਤਾ ਜਾਲੇ | ਇਸ ਮੌਕੇ ਗੁਰਦੀਸ਼ ਸਿੰਘ (ਸਿੱਖਿਆ ਵਿਭਾਗ), ਸ੍ਰੀਮਤੀ ਮਨਪ੍ਰੀਤ ਕੌਰ, ਦੇਵ ਰਾਜ, ਡਾ. ਨਮਿਸ਼ ਕਾਲੜਾ ਮੈਡੀਕਲ ਅਫ਼ਸਰ, ਨਿਰਮਲ ਕੌਰ ਅਤੇ ਰੁਪਿੰਦਰ ਸਿੰਘ ਆਊਟਰੀਚ ਵਰਕਰ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ, ਸੰਗਰੂਰ ਆਦਿ ਸ਼ਾਮਲ ਸਨ |