ਸੰਗਰੂਰ, 4 ਜਨਵਰੀ (ਅਮਨਦੀਪ ਸਿੰਘ ਬਿੱਟਾ) - ਕਾਂਗਰਸ ਐਸ.ਸੀ ਸੈੱਲ ਦੇ ਚੇਅਰਮੈਨ ਚਮਕੌਰ ਸਿੰਘ ਜੱਸੀ ਕਰਤਾਰਪੁਰਾ ਨੇ ਕਿਹਾ ਕਿ ਮਨਰੇਗਾ ਕਾਨੂੰਨ ਨੂੰ ਖ਼ਤਮ ਕਰ ਕੇ ਕੇਂਦਰ ਦੀ ਭਾਜਪਾ ਸਰਕਾਰ ਨੇ ਦੇਸ਼ ਦੇ ਲੱਖਾਂ ਕਰੋੜਾਂ ਮਜ਼ਦੂਰਾਂ ਦੇ ਹਿੱਤਾਂ ਦਾ ਘਾਣ ਹੀ ਨਹੀਂ ਕੀਤਾ ਬਲਕਿ ਦੇਸ਼ ਵਿਚ ਅਰਾਜਕਤਾ ਵਾਲੇ ਹਾਲਾਤਾਂ ਨੂੰ ਹੋਰ ਵਧਾਅ ਦਿੱਤਾ ਹੈ | ਉਨ੍ਹਾਂ ਕਿਹਾ ਕਿ ਹੁਣ ਜੀ ਰਾਮ ਜੀ ਦੇ ਨਾਮ ਹੇਠ ਹੋਂਦ ਵਿਚ ਲਿਆਂਦੇ ਗਏ ਨਵੇਂ ਬਿਲ ਨਾਲ ਰਾਜ ਸਰਕਾਰਾਂ ਨੇ ਪੰਜਾਬ ਵਰਗੇ ਸੂਬਿਆਂ ਦੀ ਆਰਥਿਕ ਹਾਲਤ ਨੂੰ ਹੋਰ ਵੀ ਪਤਲਾ ਕਰ ਕੇ ਰੱਖ ਦਿੱਤਾ ਹੈ ਕਿਉਂਕਿ ਪੰਜਾਬ ਪਹਿਲਾਂ ਹੀ ਆਰਥਿਕ ਤੌਰ ਉੱਤੇ ਕਰਜ਼ੇ ਦੀ ਵੱਡੀ ਮਾਰ ਝੱਲ ਰਿਹਾ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਦੇ ਕੌਮੀ ਲੀਡਰਸ਼ਿਪ ਜਿਸ ਵਿਚ ਕੌਮੀ ਪ੍ਰਧਾਨ ਸ੍ਰੀ ਮਲਿਕ ਅਰਜੁਨ ਖੜਗੇ ਅਤੇ ਰਾਹੁਲ ਗਾਂਧੀ ਦੀ ਅਗਵਾਈ ਹੇਠ ਮਨਰੇਗਾ ਨੂੰ ਖ਼ਤਮ ਕੀਤੇ ਜਾਣ ਵਾਲੀ ਨੀਤੀ ਦਾ ਕਰੜਾ ਵਿਰੋਧ ਕਰ ਰਹੀ ਹੈ ਅਤੇ ਪੰਜਾਬ ਵਿਚ ਵੀ ਵਿਆਪਕ ਤੌਰ ਉੱਤੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਇਸ ਮਸਲੇ ਉੱਤੇ ਅੰਦੋਲਨ ਨੂੰ ਤੇਜ ਕਰਨ ਲਈ ਜੋ ਵੀ ਆਦੇਸ਼ ਹਾਈਕਮਾਨ ਦੇ ਹੋਣਗੇ ਉਨ੍ਹਾਂ ਉੱਪਰ ਪੂਰੀ ਤਰ੍ਹਾਂ ਪਹਿਰਾ ਦਿੱਤਾ ਜਾਵੇਗਾ |