ਅਮਰਗੜ੍ਹ, 5 ਜਨਵਰੀ (ਪਵਿੱਤਰ ਸਿੰਘ, ਜਤਿੰਦਰ ਮੰਨਵੀ) - ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਜਾ ਰਹੇ ਬਿਜਲੀ ਸੋਧ ਬਿੱਲ 2025 ਦੇ ਵਿਰੋਧ ਵਿਚ ਅਮਰਗੜ੍ਹ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿਚ ਮੋਟਰਸਾਈਕਲ ਮਾਰਚ ਕੱਢਿਆ ਗਿਆ ਜੋ ਪਿੰਡ ਚੌਂਦਾ ਦੇ ਬੱਸ ਸਟੈਂਡ ਤੋਂ ਸ਼ੁਰੂ ਹੋ ਕੇ ਵੱਖ-ਵੱਖ ਪਿੰਡਾਂ ਤੋਂ ਹੁੰਦਾ ਹੋਇਆ ਬਾਗੜੀਆਂ ਪਹੰੁਚ ਕੇ ਸਮਾਪਤ ਹੋਇਆ | ਇਸ ਮੋਟਰਸਾਈਕਲ ਮਾਰਚ ਵਿਚ ਸੈਂਕੜਿਆਂ ਦੀ ਗਿਣਤੀ 'ਚ ਕਿਸਾਨਾਂ ਨੇ ਭਾਗ ਲਿਆ | ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਰੁਪਿੰਦਰ ਸਿੰਘ ਚੌਂਦਾ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਸਰਬਜੀਤ ਸਿੰਘ ਭੁਰਥਲਾ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਲਿਆਂਦੇ ਜਾ ਰਹੇ ਨਵੇਂ ਬਿਜਲੀ ਸੋਧ ਬਿਲ 2025 ਦੇ ਪਾਸ ਹੋਣ ਨਾਲ ਜਿੱਥੇ ਇੱਕ ਪਾਸੇ ਬਿਜਲੀ ਵਿਭਾਗ ਦੇ ਨਿੱਜੀਕਰਨ ਹੋਣ ਦਾ ਰਸਤਾ ਸਾਫ਼ ਹੋ ਜਾਵੇਗਾ, ਉਥੇ ਹੀ ਲੋਕਾਂ ਨੂੰ ਮਿਲਦੀਆਂ ਸਹੂਲਤਾਂ ਵੀ ਬੰਦ ਹੋ ਜਾਣਗੀਆਂ | ਉਨ੍ਹਾਂ ਦੋਸ਼ ਲਾਇਆ ਕੀ ਭਗਵੰਤ ਮਾਨ ਸਰਕਾਰ ਵੀ ਮੋਦੀ ਸਰਕਾਰ ਦੀਆਂ ਪੈੜਾਂ ਉੱਪਰ ਚੱਲਦਿਆਂ ਇਨ੍ਹਾਂ ਬਿੱਲਾਂ ਨੂੰ ਲਾਗੂ ਕਰਨ> ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਇਹ ਬਿੱਲ ਵਾਪਸ ਲਾ ਲਏ ਤਾਂ ਲੋਕਾਂ ਨੂੰ ਨਾਲ ਲੈ ਕੇ ਇੱਕ ਵੱਡਾ ਅੰਦੋਲਨ ਵਿੱਢਿਆ ਜਾਵੇਗਾ | ਇਸ ਮੌਕੇ ਜਗਦੀਸ਼ ਸਿੰਘ ਚੌਂਦਾ, ਦਵਿੰਦਰ ਸਿੰਘ ਬਾਗੜੀਆਂ, ਸੁਖਵੰਤ ਸਿੰਘ ਚੌਂਦਾ, ਪ੍ਰਭਕਰਨ ਸਿੰਘ ਭੂਮਸੀ, ਹਰਿੰਦਰ ਸਿੰਘ ਚੌਂਦਾ, ਗੁਰਧਿਆਨ ਸਿੰਘ, ਦਰਬਾਰਾ ਸਿੰਘ, ਨੇਤਰ ਸਿੰਘ ਸਲਾਰ, ਹਰਮੀਤ ਸਿੰਘ ਆਦਿ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ 16 ਜਨਵਰੀ ਨੂੰ ਡੀ.ਸੀ. ਦਫ਼ਤਰ ਮਲੇਰਕੋਟਲਾ ਅੱਗੇ ਇਨ੍ਹਾਂ ਬਿੱਲਾਂ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਦੇ ਹੋ ਰਹੇ ਇਕੱਠ ਵਿਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ |