ਸੰਗਰੂਰ, 6 ਜਨਵਰੀ (ਧੀਰਜ ਪਸ਼ੌਰੀਆ) - ਮਨਰੇਗਾ ਦਾ ਨਾਂਅ ਬਦਲ ਕੇ ਜੀ ਰਾਮ ਜੀ ਸਕੀਮ ਰੱਖੇ ਜਾਣ 'ਤੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮ ਹੋਇਆ ਪਿਆ ਹੈ | ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਆਗੂ ਇਸ ਨੂੰ ਮਜ਼ਦੂਰ ਵਿਰੋਧੀ ਦੱਸ ਰਹੇ ਹਨ ਜਦ ਕਿ ਭਾਜਪਾ ਆਗੂ ਇਸ ਨਵੀਂ ਸਕੀਮ ਨੂੰ ਮਜ਼ਦੂਰਾਂ ਦੇ ਭਲੇ ਵਾਲੀ ਦੱਸ ਰਹੇ ਹਨ | ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਦਾ ਕਹਿਣ ਕਿ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਮਨਰੇਗਾ ਸਕੀਮ ਵਿਚ ਸੁਧਾਰਾਂ ਦੇ ਨਾਂਅ 'ਤੇ ਜੋ ਬਦਲਾਅ ਕੀਤੇ ਜਾ ਰਹੇ ਹਨ ਇਹ ਪੂਰੀ ਤਰ੍ਹਾਂ ਮਜ਼ਦੂਰਾ ਵਿਰੋਧੀ ਹਨ | ਇਸ ਨਾਲ ਪਿੰਡਾਂ ਦੇ ਲੱਖਾਂ ਮਜ਼ਦੂਰਾਂ ਦਾ ਰੁਜ਼ਗਾਰ ਖੁੱਸ ਜਾਵੇਗਾ ਅਤੇ ਉਨ੍ਹਾਂ ਦੇ ਚੁੱਲਿ੍ਹਆਂ ਦੀ ਅੱਗ ਠੰਡੀ ਹੋ ਜਾਵੇਗੀ | 'ਆਪ' ਆਗੂ ਅਤੇ ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ ਦਾ ਕਹਿਣਾ ਹੈ ਕਿ ਵੱਡੀ ਗਿਣਤੀ ਮਜ਼ਦੂਰ ਪਰਿਵਾਰਾਂ ਦੀ ਰੋਜ਼ੀ ਰੋਟੀ, ਬੱਚਿਆ ਦੀ ਪੜ੍ਹਾਈ, ਬਜ਼ੁਰਗਾਂ ਦੀ ਦਵਾਈ ਇਸੇ ਮਜ਼ਦੂਰੀ ਸਹਾਰੇ ਚੱਲ ਰਹੀ ਸੀ ਪਰ ਹੁਣ ਕੀਤੀਆਂ ਤਬਦੀਲੀਆਂ ਨਾਲ ਮਜ਼ਦੂਰਾਂ ਦਾ ਕੰਮ ਖੁੱਸ ਜਾਵੇਗਾ | ਧੂਰੀ ਭਾਜਪਾ ਦੇ ਹਲਕਾ ਇੰਚਾਰਜ ਰਣਦੀਪ ਸਿੰਘ ਦਿਓਲ ਨੇ ਕਿਹਾ ਕਿ ਜੋ ਮਨਰੇਗਾ ਸਕੀਮ ਵਿਚ ਸੁਧਾਰ ਕੀਤੇ ਜਾ ਰਹੇ ਹਨ ਇਹ ਮਜ਼ਦੂਰਾਂ ਦੇ ਭਲੇ ਲਈ ਅਤੇ ਚੋਰਾਂ ਦੀ ਚੋਰੀ ਰੋਕਣ ਲਈ ਕੀਤੇ ਜਾ ਰਹੇ ਹਨ | ਇਸ ਸਕੀਮ ਵਿਚ ਵੱਡੇ ਪੱਧਰ 'ਤੇ ਧਾਂਦਲੀ ਹੋ ਰਹੀ ਸੀ ਜਿਸ ਨੂੰ ਹੁਣ ਰੋਕਿਆ ਜਾਵੇਗਾ | ਸਚਾਈ ਨੂੰ ਹਰ ਮਜ਼ਦੂਰ ਤੱਕ ਲਿਜਾਇਆ ਜਾਵੇਗਾ | ਭਾਜਪਾ ਸੂਬਾ ਕਾਰਜਕਾਰਨੀ ਮੈਂਬਰ ਸਰਜੀਵਨ ਜਿੰਦਲ ਨੇ ਕਿਹਾ ਕਿ ਪੇਡੂ ਜੀਵਨ ਵਿਚ ਖ਼ੁਸ਼ਹਾਲੀ ਲਿਆਉਣ ਲਈ ਇਸ ਸਕੀਮ ਵਿਚ ਅਹਿਮ ਸੁਧਾਰ ਕੀਤੇ ਗਏ ਹਨ ਹੁਣ 100 ਦਿਨ ਕੰਮ ਦੀ ਬਜਾਏ 125 ਦਿਨ ਕੰਮ ਦੀ ਗਰੰਟੀ ਹੋਵੇਗੀ | ਇਸ ਐਕਟ ਦੇ ਅਧੀਨ 50 ਪ੍ਰਤੀਸ਼ਤ ਕੰਮ ਸਿੱਧੇ ਗ੍ਰਾਮ ਪੰਚਾਇਤਾਂ ਰਾਹੀ ਕਰਵਾਏ ਜਾਣਗੇ | ਬਾਇਓ ਮੈਟਿ੍ਕ ਹਾਜ਼ਰੀ ਹੋਵੇਗੀ | ਉਨ੍ਹਾਂ ਕਿਹਾ ਕਿ 'ਆਪ' ਅਤੇ ਕਾਂਗਰਸ ਆਗੂਆਂ ਨੂੰ ਮਜਦੂਰਾਂ ਨੰੂ ਗੁਮਰਾਹ ਕਰਨ ਤੋਂ ਬਾਜ਼ ਆਉਣਾ ਚਾਹੀਦਾ ਹੈ |