ਸੰਦੌੜ, 23 ਜਨਵਰੀ (ਗੁਰਪ੍ਰੀਤ ਸਿੰਘ ਚੀਮਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਬਲਾਕ ਅਹਿਮਦਗੜ੍ਹ ਦੀ ਜਥੇਬੰਦੀ ਵੱਲੋਂ ਸੰਦੌੜ ਵਿਖੇ ਵੱਡੀ ਗਿਣਤੀ ਵਿਚ ਪ੍ਰੀਪੇਡ ਚਿੱਪ ਵਾਲੇ ਬਿਜਲੀ ਮੀਟਰ ਖਪਤਕਾਰਾਂ ਦੇ ਘਰਾਂ ਵਿਚੋਂ ਉਤਾਰੇ ਗਏ | ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਕਾਰਜਕਾਰੀ ਸੂਬਾਈ ਆਗੂ ਗੁਰਮੇਲ ਸਿੰਘ ਮਹੋਲੀ ਖ਼ੁਰਦ, ਜ਼ਿਲ੍ਹਾ ਪ੍ਰਧਾਨ ਸ਼ੇਰ ਸਿੰਘ ਮਹੋਲੀ ਅਤੇ ਬਲਾਕ ਪ੍ਰਧਾਨ ਜਗਦੀਸ਼ ਸਿੰਘ ਛੰਨਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ | ਉਕਤ ਆਗੂਆਂ ਨੇ ਕਿਹਾ ਕਿਸਾਨ ਮਜ਼ਦੂਰ ਮੋਰਚੇ ਦੇ ਆਦੇਸ਼ਾਂ ਤੇ ਬਿਜਲੀ ਦੇ ਨਿੱਜੀਕਰਨ ਦੇ ਖ਼ਿਲਾਫ਼ ਪ੍ਰੀਪੇਡ ਮੀਟਰ ਉਤਾਰਨ ਦੀ ਚੱਲ ਰਹੀ ਮੁਹਿੰਮ ਤਹਿਤ ਇਹ ਮੀਟਰ ਉਤਾਰੇ ਗਏ ਹਨ | ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤਹਿਤ ਪ੍ਰੀਪੇਡ ਬਿਜਲੀ ਮੀਟਰ ਉਤਾਰ ਕੇ ਪਾਵਰਕਾਮ ਦੇ ਦਫ਼ਤਰਾਂ ਵਿਚ ਜਮਾਂ ਕਰਵਾਏ ਜਾਣਗੇ | ਉਨ੍ਹਾਂ ਕਿਹਾ ਕਿ ਬਿਜਲੀ ਦੇ ਨਿੱਜੀਕਰਨ ਦੇ ਖ਼ਿਲਾਫ਼ ਕਿਸਾਨ ਮਜ਼ਦੂਰ ਮੋਰਚੇ ਦਾ ਸੰਘਰਸ਼ ਜਾਰੀ ਰਹੇਗਾ | ਉਨ੍ਹਾਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਰਲ ਕੇ ਬਿਜਲੀ ਅਦਾਰੇ ਨੂੰ ਪ੍ਰਾਈਵੇਟ ਹੱਥਾਂ ਵਿਚ ਸੌਂਪਣਾ ਚਾਹੁੰਦੀਆਂ ਹਨ | ਉਨ੍ਹਾਂ ਕਿਹਾ ਕਿ ਪ੍ਰਾਈਵੇਟ ਹੱਥਾਂ ਵਿਚ ਬਿਜਲੀ ਦਾ ਪ੍ਰਬੰਧ ਹੋਣ ਤੋਂ ਬਾਅਦ ਲੋਕਾਂ ਨੂੰ ਮਹਿੰਗੇ ਭਾਅ ਤੇ ਬਿਜਲੀ ਦੇਣ ਦਾ ਰਾਹ ਪੱਧਰਾ ਕੀਤਾ ਜਾਵੇਗਾ | ਇਸ ਮੌਕੇ ਮਨਜੀਤ ਸਿੰਘ ਧਾਲੀਵਾਲ ਫਰਵਾਲੀ, ਟਹਿਲ ਸਿੰਘ ਫਰਵਾਲੀ, ਤਪਿੰਦਰ ਸਿੰਘ ਲੋਹਟਬੱਦੀ, ਸਿੰਗਾਰਾ ਸਿੰਘ ਮਹੋਲੀ, ਸੰਦੀਪ ਸਿੰਘ ਦਹਿਲੀਜ਼, ਨਿਰਮਲ ਸਿੰਘ ਰਛੀਨ, ਹਰਕੇਸ਼ ਸਿੰਘ ਸੰਦੌੜ, ਦਰਸ਼ਨ ਸਿੰਘ ਦੁਲਮਾਂ, ਹਰਕੇਸ਼ ਸਿੰਘ ਸੰਦੌੜ, ਅਮਰਜੀਤ ਸਿੰਘ ਮਹੇਰਨਾਂ, ਜਗਤਾਰ ਸਿੰਘ ਮਹੇਰਨਾਂ, ਬਲਵਿੰਦਰ ਸਿੰਘ ਬਿੱਟੀ ਫਰਵਾਲੀ, ਬਲਵਿੰਦਰ ਸਿੰਘ ਫਰਵਾਲੀ, ਗੁਰਮੀਤ ਸਿੰਘ, ਜਸਵਿੰਦਰ ਸਿੰਘ, ਨਾਇਬ ਸਿੰਘ, ਸੋਨੀ ਕਲਿਆਣ ਤੋਂ ਇਲਾਵਾ ਵੱਡੀ ਗਿਣਤੀ ਕਿਸਾਨ ਹਾਜ਼ਰ ਸਨ |