ਬਰਨਾਲਾ, 24 ਜਨਵਰੀ (ਅਸ਼ੋਕ ਭਾਰਤੀ)-ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਵਿਖੇ ਪ੍ਰਕਿ੍ਤੀ ਅਤੇ ਵਾਤਾਵਰਨ ਸੁਰੱਖਿਆ ਨੂੰ ਸਮਰਪਿਤ ਡਾਕੂਮੈਂਟਰੀ 'ਦ ਬਰਡਸਾਂਗ' ਰਿਲੀਜ਼ ਕੀਤੀ ਗਈ | ਡਾਕੂਮੈਂਟਰੀ ਦਾ ਕੇਂਦਰੀ ਵਿਸ਼ਾ ਸੰਦੀਪ ਧੌਲਾ ਵਲੋਂ ਪਿਛਲੇ 20 ਸਾਲਾਂ ਤੋਂ ਵਾਤਾਵਰਨ ਬਚਾਉਣ ਲਈ ਕੀਤੀ ਜਾ ਰਹੀ ਅਥਾਹ ਮਿਹਨਤ ਹੈ | ਇਹ ਫ਼ਿਲਮ ਸੰਦੀਪ ਧੌਲਾ ਦੇ ਕੰਮ 'ਤੇ ਆਧਾਰਿਤ ਹੈ | ਪਿੰ੍ਰਸੀਪਲ ਸ਼ਾਲਿਨੀ ਕੌਸ਼ਲ ਅਤੇ ਸਕੂਲ ਦੇ ਸਟਾਫ਼ ਅਤੇ ਵਿਦਿਆਰਥੀਆਂ ਨੇ ਸੰਦੀਪ ਧੌਲਾ ਉਨ੍ਹਾਂ ਦੀ ਕ੍ਰੀਏਟਿਵ ਟੀਮ ਅਤੇ ਫ਼ਿਲਮਕਾਰ ਸੁਚੇਤਾ ਫੁਲੇ ਅਤੇ ਪ੍ਰਸਿੱਧ ਗੀਤਕਾਰ ਅਤੇ ਏਗਜ਼ਿਕਿਊਟਿਵ ਪ੍ਰੋਡਿਊਸਰ ਸ਼ੈੱਲੀ ਦਾ ਸਵਾਗਤ ਕੀਤਾ | ਸੰਦੀਪ ਧੌਲਾ ਵਲੋਂ ਹੁਣ ਤੱਕ ਲਗਭਗ 1.5 ਲੱਖ ਆਲ੍ਹਣੇ ਪੰਛੀਆਂ ਲਈ ਲਗਾਏ ਜਾ ਚੁੱਕੇ ਹਨ ਅਤੇ ਹਜ਼ਾਰਾਂ ਦਰੱਖ਼ਤ ਲਗਾ ਕੇ ਵਾਤਾਵਰਨ ਸੁਰੱਖਿਅਤ ਵਿਚ ਯੋਗਦਾਨ ਪਾਇਆ ਗਿਆ ਹੈ | ਸੰਸਥਾ ਦੇ ਐਮ.ਡੀ ਸ਼ਿਵ ਸਿੰਗਲਾ ਨੇ ਪੰਛੀਆਂ ਦੀ ਸੁਰੱਖਿਆ ਨੂੰ ਦਰਸਾਉਂਦੀ ਡਾਕੂਮੈਂਟਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੁਦਰਤ ਦਾ ਹਰ ਇਕ ਜੀਵ ਸਾਡੇ ਲਈ ਅਮੋਲਕ ਧਰੋਹਰ ਹੈ | ਉਨ੍ਹਾਂ ਨੇ ਕਿਹਾ ਕਿ ਪ੍ਰਕਿ੍ਤੀ ਨੇ ਸਾਨੂੰ ਜੋ ਕੁੱਝ ਵੀ ਦਿੱਤਾ ਹੈ, ਉਸ ਦੀ ਰੱਖਿਆ ਕਰਨਾ ਸਾਡਾ ਨੈਤਿਕ ਅਤੇ ਸਮਾਜਿਕ ਫ਼ਰਜ਼ ਬਣਦਾ ਹੈ |