ਟੱਲੇਵਾਲ, 25 ਜਨਵਰੀ (ਸੋਨੀ ਚੀਮਾ)-ਮੱੁਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਸ਼ੁਰੂ ਕੀਤੀ ਗਈ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੀ ਦੂਜੀ ਕੜੀ ਤਹਿਤ ਹਲਕਾ ਮਹਿਲ ਕਲਾਂ ਅਧੀਨ ਆਉਂਦੇ ਇਤਿਹਾਸਕ ਪਿੰਡ ਗਹਿਲ ਵਿਖੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਨਿਰਦੇਸ਼ਾਂ ਤਹਿਤ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਪੰਚਾਇਤ ਵਲੋਂ ਸਾਂਝੇ ਤੌਰ 'ਤੇ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਕੱਢੀ ਗਈ | ਇਸ ਮੌਕੇ ਸੰਬੋਧਨ ਕਰਦਿਆਂ ਬਰਜਿੰਦਰਪਾਲ ਸਿੰਘ ਪੁਨੀਤ ਮਾਨ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸਰਪੰਚ ਬਲਵੀਰ ਸਿੰਘ ਮਾਨ ਅਤੇ ਸੈਕਟਰੀ ਗੁਰਦੀਪ ਸਿੰਘ ਨੇ ਕਿਹਾ ਕਿ ਇਸ ਰੈਲੀ ਦੌਰਾਨ ਨਸ਼ਿਆਂ ਦੇ ਮਾਰੂ ਪ੍ਰਭਾਵ ਤੋਂ ਜਾਗਰੂਕ ਕਰਦਿਆਂ ਨਸ਼ਿਆਂ ਤੋਂ ਬਚਣ ਲਈ ਪ੍ਰੇਰਿਤ ਕੀਤਾ ਗਿਆ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਯੁੱਧ ਨਸ਼ਿਆਂ ਵਿਰੁੱਧ ਜੰਗ ਪੂਰੇ ਸੂਬੇ ਵਿਚ ਛੇੜੀ ਹੋਈ ਹੈ, ਜਿਸ ਤਹਿਤ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ | ਉਨ੍ਹਾਂ ਸਮੂਹ ਪਿੰਡ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਤੁਹਾਡੇ ਆਲ਼ੇ ਦੁਆਲੇ ਕੋਈ ਵੀ ਨਜਾਇਜ਼ ਗਤੀਵਿਧੀਆਂ ਕਰਦਾ ਨਜ਼ਰ ਆਉਂਦਾ ਹੈ ਤਾਂ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਇਨ੍ਹਾਂ ਅਨਸਰਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾ ਸਕੇ | ਉਨ੍ਹਾਂ ਕਿਹਾ ਕਿ ਨਸ਼ਾ ਮੁਕਤ ਪੰਜਾਬ ਸਿਰਜਣ ਲਈ ਸਭ ਦੇ ਸਹਿਯੋਗ ਦੀ ਲੋੜ ਹੈ | ਉਨ੍ਹਾਂ ਕਿਹਾ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਇਸ ਕੋਹੜ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਕ ਜਾਗਰੂਕ ਨਾਗਰਿਕ ਦਾ ਫ਼ਰਜ਼ ਨਿਭਾਉਣ ਕਿਸੇ ਵੀ ਸੰਦੇਹ ਜਾਂ ਸੱਕ ਹੋਣ ਦੀ ਸੂਰਤ ਵਿਚ ਪ੍ਰਸ਼ਾਸਨ ਨੂੰ ਸਮੇਂ ਸਿਰ ਜਾਣੂ ਜ਼ਰੂਰ ਕਰਵਾਉਣ ਤਾਂ ਜੋ ਨੌਜਵਾਨੀ ਦਾ ਘਾਣ ਕਰਨ ਵਾਲੇ ਨਸ਼ਾ ਸਮਗਲਰਾਂ ਨੂੰ ਜੇਲ੍ਹਾਂ ਵਿਚ ਸੁੱਟਿਆ ਜਾ ਸਕੇ | ਇਸ ਮੌਕੇ ਸੈਕਟਰੀ ਗੁਰਦੀਪ ਸਿੰਘ, ਦਲਜੀਤ ਸਿੰਘ ਮਾਨ, ਕਰਮਜੀਤ ਸਿੰਘ ਪੰਚ, ਜਗਰੂਪ ਸਿੰਘ ਪੰਚ, ਸੁਖਵਿੰਦਰ ਸਿੰਘ ਪੰਚ, ਚਮਕੌਰ ਸਿੰਘ ਪੰਚ, ਅੰਮਿ੍ਤਪਾਲ ਦੇਮ ਗੋਲਡੀ ਪੰਚ, ਬਲਜੀਤ ਕੌਰ ਡੋਡ ਪੰਚ, ਮਨਜਿੰਦਰ ਕੌਰ ਪੰਚ, ਮਨਜੀਤ ਕੌਰ ਪੰਚ, ਸਰਬਜੀਤ ਕੌਰ ਪੰਚ, ਮਨਜੋਤ ਸਿੰਘ ਧਾਲੀਵਾਲ, ਲਖਵਿੰਦਰਪਾਲ ਲੱਖੀ ਡੀਪੂ ਵਾਲਾ, ਅੰਤਪਾਲ ਸਿੰਘ ਸਿੱਧੂ, ਮਾ: ਰੂਪ ਸਿੰਘ, ਅੰਮਿ੍ਤ ਸਿੰਘ ਤੋਂ ਇਲਾਵਾ ਸਰਕਾਰੀ ਹਾਈ ਸਕੂਲ ਦੀ ਸਮੂਹ ਪ੍ਰਬੰਧਕੀ ਕਮੇਟੀ ਦੇ ਆਗੂ ਤੇ ਹੋਰ ਵੀ ਪਿੰਡ ਵਾਸੀ ਹਾਜਰ ਸਨ |