ਧੂਰੀ, 28 ਜਨਵਰੀ (ਲਖਵੀਰ ਸਿੰਘ ਧਾਂਦਰਾ) - ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ਼ ਪੰਜਾਬ ਦੀ ਕੋਰ ਕਮੇਟੀ ਦੀ ਹੋਈ ਹੰਗਾਮੀ ਮੀਟਿੰਗ ਤੋਂ ਉਪਰੰਤ ਜਾਣਕਾਰੀ ਦਿੰਦੇ ਹੋਏ ਡਾ. ਜਗਜੀਤ ਸਿੰਘ ਧੂਰੀ ਨੇ ਕਿਹਾ ਕਿ ਪੰਜਾਬ ਦੂਜੇ ਸੂਬਿਆਂ ਦੇ ਮੁਕਾਬਲੇ ਬਹੁਤੀਆਂ ਛੁੱਟੀਆਂ ਕਰਨ ਵਿਚ ਪਹਿਲੇ ਨੰਬਰ 'ਤੇ ਆ ਖੜਾ ਹੋਇਆ ਹੈ | ਉਨ੍ਹਾਂ ਕਿਹਾ ਕਿ ਫੈਡਰੇਸ਼ਨ ਵਲੋਂ ਮਾਣਯੋਗ ਸਿੱਖਿਆ ਮੰਤਰੀ ਅਤੇ ਮਾਣਯੋਗ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖਿਆ ਗਿਆ ਹੈ ਕਿ ਸਕੂਲਾਂ ਵਿਚ ਹੋਣ ਵਾਲੀਆਂ ਛੁੱਟੀਆਂ ਲਈ ਢੁਕਵੇਂ ਨਿਯਮ ਨਿਰਧਾਰਿਤ ਕੀਤੇ ਜਾਣ | ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਸਾਰਾ ਸਾਲ ਇਸ ਦੁਬਿਧਾ ਵਿਚ ਰਹਿੰਦੇ ਹਨ ਕਿ ਕਿਸ ਦਿਨ ਛੁੱਟੀ ਹੋਣੀ ਹੈ ਜਾਂ ਕਿਸ ਦਿਨ ਨਹੀਂ | ਬਹੁਤ ਸਾਰੀਆਂ ਛੁੱਟੀਆਂ ਅਚਨਚੇਤ ਐਲਾਨ ਦਿੱਤੀਆਂ ਜਾਂਦੀਆਂ ਹਨ ਜਿਨ੍ਹਾਂ ਦੀ ਪੁਸ਼ਟੀ ਨਾ ਸਰਕਾਰੀ ਸਕੂਲਾਂ ਕੋਲ ਹੁੰਦੀ ਹੈ ਅਤੇ ਨਾ ਹੀ ਸਬੰਧਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਸਾਹਿਬਾਨਾਂ ਕੋਲ | ਅਕਸਰ ਅਜਿਹੇ ਫ਼ਰਮਾਨ ਰਾਤ ਨੂੰ ਆਉਂਦੇ ਹਨ ਜਿਨ੍ਹਾਂ ਵਿਚੋਂ ਬਹੁਤੇ ਸੋਸ਼ਲ ਮੀਡੀਆ ਉੱਪਰ ਫੇਕ ਵੀ ਹੁੰਦੇ ਹਨ | ਉਨ੍ਹਾਂ ਕਿਹਾ ਕਿ ਬਹੁਤ ਸਾਰੇ ਤਿਉਹਾਰ ਅਤੇ ਮਹੱਤਵਪੂਰਨ ਦਿਨ ਆਉਂਦੇ ਹਨ ਜਿਨ੍ਹਾਂ ਨੂੰ ਇੱਕ ਜਾਂ ਦੋ ਘੰਟੇ ਸਕੂਲ ਲੇਟ ਲਗਾਉਣ ਨਾਲ ਕੰਮ ਚੱਲ ਸਕਦਾ ਹੈ | 27 ਜਨਵਰੀ ਦੀ ਇਸ ਸਾਲ ਪੂਰੇ ਪੰਜਾਬ ਵਿਚ ਹੋਈ ਛੁੱਟੀ ਨੇ ਬੋਰਡ ਦੀਆਂ ਪ੍ਰਯੋਗੀ ਪ੍ਰੀਖਿਆਵਾਂ ਦੀ ਡੇਟ ਸ਼ੀਟ ਨੂੰ ਤਹਿਸ ਨਹਿਸ ਕਰ ਦਿੱਤਾ ਹੈ | ਉਨ੍ਹਾਂ ਦੱਸਿਆ ਕਿ ਫੈਡਰੇਸ਼ਨ ਵਲੋਂ ਇਨ੍ਹਾਂ ਸਮੱਸਿਆਵਾਂ ਨੂੰ ਲੈ ਕੇ ਇੱਕ ਮੰਗ ਪੱਤਰ ਸਿੱਖਿਆ ਵਿਭਾਗ ਨੂੰ ਲਿਖਿਆ ਹੈ |