ਸੰਗਰੂਰ, 31 ਜਨਵਰੀ (ਸੁਖਵਿੰਦਰ ਸਿੰਘ ਫੁੱਲ) - ਕੈਂਬਿ੍ਜ ਇੰਟਰਨੈਸ਼ਨਲ ਸਕੂਲ ਵਿਚ ਮਾਪੇ-ਅਧਿਆਪਕ ਮਿਲਣੀ (ਪੀ.ਟੀ.ਐਮ.) ਦਾ ਸਫਲ ਆਯੋਜਨ ਕੀਤਾ ਗਿਆ | ਸਕੂਲ ਪ੍ਰਬੰਧਨ ਦੇ ਇਸ ਫ਼ੈਸਲੇ ਦੀ ਮਾਪਿਆਂ ਵਲੋਂ ਖ਼ਾਸ ਤੌਰ 'ਤੇ ਸਰਾਹਨਾ ਕੀਤੀ ਗਈ | ਇਸ ਦੇ ਨਾਲ ਹੀ ਮਾਪਿਆਂ ਨੇ ਸਕੂਲ ਵਿਚ ਹਾਜ਼ਰ ਹੋ ਕੇ ਪੀ.ਟੀ.ਐਮ. ਕਰਵਾਉਣ ਲਈ ਅਧਿਆਪਕਾਂ ਦੇ ਯਤਨਾਂ ਦਾ ਵੀ ਪੂਰਾ ਸਮਰਥਨ ਕੀਤਾ | ਪੀ.ਟੀ.ਐਮ. ਦੌਰਾਨ ਵਿਦਿਆਰਥੀਆਂ ਦੇ ਯੂਨਿਟ-3 ਦੇ ਨਤੀਜੇ ਮਾਪਿਆਂ ਨਾਲ ਸਾਂਝੇ ਕੀਤੇ ਗਏ | ਸਭ ਕਲਾਸਾਂ ਦੇ ਵਿਦਿਆਰਥੀਆਂ ਦਾ ਨਤੀਜਾ ਉੱਤਮ ਰਿਹਾ, ਜਿਸ 'ਤੇ ਮਾਪਿਆਂ ਵਲੋਂ ਖ਼ੁਸ਼ੀ ਜ਼ਾਹਿਰ ਕੀਤੀ ਗਈ | ਮਾਪਿਆਂ ਨੇ ਅਧਿਆਪਕਾਂ ਦੀ ਮਿਹਨਤ, ਸਮਰਪਣ ਅਤੇ ਬੱਚਿਆਂ ਪ੍ਰਤੀ ਲਗਨ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ | ਅਧਿਆਪਕਾਂ ਵਲੋਂ ਆਉਣ ਵਾਲੀ ਸਾਲਾਨਾ ਪ੍ਰੀਖਿਆ ਸਬੰਧੀ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਲਾਭਦਾਇਕ ਦਿਸ਼ਾ-ਨਿਰਦੇਸ਼ ਦਿੱਤੇ ਗਏ ਅਤੇ ਪੜ੍ਹਾਈ ਵਿਚ ਸੁਧਾਰ ਲਈ ਜ਼ਰੂਰੀ ਸੁਝਾਅ ਵੀ ਸਾਂਝੇ ਕੀਤੇ ਗਏ | ਇਸ ਮੌਕੇ ਸਕੂਲ ਦੀ ਪਿ੍ੰਸੀਪਲ ਮਨਦੀਪ ਛੰਨਾ ਨੇ ਕਿਹਾ ਕਿ ਮਾਪਿਆਂ ਅਤੇ ਅਧਿਆਪਕਾਂ ਦੀ ਸਾਂਝੀ ਮਿਹਨਤ ਨਾਲ ਹੀ ਵਿਦਿਆਰਥੀਆਂ ਦਾ ਸਮੁੱਚਾ ਵਿਕਾਸ ਸੰਭਵ ਹੈ | ਉਨ੍ਹਾਂ ਦੱਸਿਆ ਕਿ ਸਕੂਲ ਗੁਣਵੱਤਾ ਪੂਰਨ ਸਿੱਖਿਆ ਦੇ ਨਾਲ-ਨਾਲ ਸੰਸਕਾਰਕ ਮੁੱਲਾਂ ਨੂੰ ਤਰਜੀਹ ਦੇਣ ਲਈ ਸਦਾ ਵਚਨਬੱਧ ਹੈ | ਸਕੂਲ ਚੇਅਰਮੈਨ ਇੰਜੀਨੀਅਰ ਸ਼ਿਵ ਆਰੀਆ ਨੇ ਕਿਹਾ ਕਿ ਕੈਂਬਿ੍ਜ ਇੰਟਰਨੈਸ਼ਨਲ ਸਕੂਲ ਵਿਚ ਅਕਾਦਮਿਕ ਸਫਲਤਾ ਦੇ ਨਾਲ-ਨਾਲ ਵਿਦਿਆਰਥੀਆਂ ਦੇ ਚਰਿੱਤਰ ਨਿਰਮਾਣ 'ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ | ਉਨ੍ਹਾਂ ਅਧਿਆਪਕ ਵਰਗ ਦੀ ਮਿਹਨਤ ਦੀ ਸਰਾਹਨਾ ਕਰਦੇ ਹੋਏ ਮਾਪਿਆਂ ਦੇ ਸਹਿਯੋਗ ਲਈ ਧੰਨਵਾਦ ਕੀਤਾ | ਇਸ ਦੌਰਾਨ ਸਕੂਲ ਪ੍ਰੈਜ਼ੀਡੈਂਟ ਡਾ. ਸੀਮਾ ਅਰੋੜਾ ਅਤੇ ਸੀ.ਈ.ਓ. ਭਾਵਨਾ ਪੋਲ ਨੇ ਮਾਪਿਆਂ ਅਤੇ ਅਧਿਆਪਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਾਪਿਆਂ ਦਾ ਭਰੋਸਾ ਅਤੇ ਅਧਿਆਪਕਾਂ ਦੀ ਨਿਸ਼ਠਾ ਹੀ ਸਕੂਲ ਦੀ ਅਸਲ ਤਾਕਤ ਹੈ |