ਅਮਰਗੜ੍ਹ, 31 ਜਨਵਰੀ (ਜਤਿੰਦਰ ਮੰਨਵੀ) - ਹਲਕਾ ਅਮਰਗੜ੍ਹ ਦੇ ਸਰਵਪੱਖੀ ਵਿਕਾਸ ਦੀ ਲੜੀ ਨੂੰ ਅੱਗੇ ਤੋਰਦਿਆਂ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਵਲੋਂ ਗਿਆਨੀ ਜੈਲ ਸਿੰਘ ਕਲੋਨੀ ਨੇੜੇ ਬਣ ਰਹੇ ਅਤਿ-ਆਧੁਨਿਕ ਸੀਵਰੇਜ ਟਰੀਟਮੈਂਟ ਪਲਾਂਟ ਦੇ ਚੱਲ ਰਹੇ ਕੰਮ ਦਾ ਬਾਰੀਕੀ ਨਾਲ ਨਿਰੀਖਣ ਕੀਤਾ ਗਿਆ | ਇਸ ਦੌਰਾਨ ਉਨ੍ਹਾਂ ਠੇਕੇਦਾਰ ਨੂੰ ਕੰਮ ਦੀ ਗੁਣਵੱਤਾ ਅਤੇ ਰਫ਼ਤਾਰ ਬਰਕਰਾਰ ਰੱਖਣ ਦੇ ਸਖ਼ਤ ਨਿਰਦੇਸ਼ ਦਿੱਤੇ | ਮੀਡੀਆ ਨਾਲ ਗੱਲਬਾਤ ਕਰਦਿਆਂ ਵਿਧਾਇਕ ਗੱਜਣਮਾਜਰਾ ਨੇ ਕਿਹਾ ਕਿ ਇਹ ਪਲਾਂਟ ਇਲਾਕੇ ਦੇ ਕਿਸਾਨਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੋਵੇਗਾ | ਉਨ੍ਹਾਂ ਦੱਸਿਆ ਕਿ ਇਸ ਪਲਾਂਟ ਰਾਹੀਂ ਅਮਰਗੜ੍ਹ ਦੇ ਸੀਵਰੇਜ ਦਾ ਗੰਦਾ ਪਾਣੀ ਵਿਗਿਆਨਕ ਤਰੀਕੇ ਨਾਲ ਸਾਫ਼ ਕੀਤਾ ਜਾਵੇਗਾ, ਜਿਸ ਨੂੰ ਬਾਅਦ 'ਚ ਸਿੰਚਾਈ ਲਈ ਕਿਸਾਨਾਂ ਦੇ ਖੇਤਾਂ ਤੱਕ ਪਹੁੰਚਾਇਆ ਜਾਵੇਗਾ | ਇਸ ਨਾਲ ਜਿੱਥੇ ਧਰਤੀ ਹੇਠਲੇ ਪਾਣੀ ਦੀ ਬੱਚਤ ਹੋਵੇਗੀ, ਉੱਥੇ ਹੀ ਫ਼ਸਲਾਂ ਨੂੰ ਲੋੜੀਂਦੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਪਾਣੀ ਮਿਲੇਗਾ | ਵਿਧਾਇਕ ਨੇ ਆਖਿਆ ਕਿ ਪ੍ਰੋਜੈਕਟ ਦਾ 40 ਫ਼ੀਸਦੀ ਕੰਮ ਪੂਰਾ ਹੋ ਚੁੱਕਿਆ ਹੈ ਤੇ ਉਮੀਦ ਹੈ ਕਿ ਅਗਲੇ 6 ਮਹੀਨਿਆਂ ਦੇ ਅੰਦਰ ਇਹ ਪਲਾਂਟ ਚਾਲੂ ਹੋ ਜਾਵੇਗਾ | ਸਾਬਕਾ ਸਰਪੰਚ ਸਰਬਜੀਤ ਸਿੰਘ ਗੋਗੀ ਨੇ ਤਕਨੀਕੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪਾਣੀ ਦੀ ਸਪਲਾਈ ਸਬੰਧੀ ਪਹਿਲਾਂ ਹੀ ਨਿਸ਼ਾਨਦੇਹੀ ਕੀਤੀ ਜਾ ਚੁੱਕੀ ਹੈ ਅਤੇ ਖੇਤਾਂ 'ਚ ਪਾਣੀ ਪਹੁੰਚਾਉਣ ਲਈ 45 ਤੋਂ 50 ਪੁਆਇੰਟ ਬਣਾਏ ਜਾਣਗੇ | ਪਲਾਂਟ 'ਚ ਪਾਣੀ ਨੂੰ ਸਾਫ਼ ਕਰਨ ਲਈ ਉੱਚ-ਦਰਜੇ ਦੀ ਮਸ਼ੀਨਰੀ ਦੀ ਵਰਤੋਂ ਕੀਤੀ ਜਾਵੇਗੀ | ਇਸ ਮੌਕੇ ਵਿਧਾਇਕ ਦੇ ਨਿੱਜੀ ਸਕੱਤਰ ਰਾਜੀਵ ਕੁਮਾਰ ਤੋਗਾਹੇੜੀ, ਸਾਬਕਾ ਸਰਪੰਚ ਸਰਬਜੀਤ ਸਿੰਘ ਗੋਗੀ, ਕੌਂਸਲਰ ਸ਼ਰਧਾ ਰਾਮ, ਸੁਖਵਿੰਦਰ ਸਿੰਘ ਸੁੱਖਾ, ਚੌਧਰੀ ਨਸੀਰ ਅਹਿਮਦ, ਜਸਮਿੰਦਰ ਸਿੰਘ ਜੱਸੀ, ਸਰਪੰਚ ਰੋਸੀ ਤੋਲਾਵਾਲ, ਹਰਵਿੰਦਰ ਢਿੱਲੋਂ ਅਤੇ ਰਾਜਿੰਦਰ ਸਿੰਘ ਹੈਪੀ ਸਮੇਤ ਆਮ ਆਦਮੀ ਪਾਰਟੀ ਦੇ ਕਈ ਸੀਨੀਅਰ ਆਗੂ ਅਤੇ ਵਰਕਰ ਹਾਜ਼ਰ ਸਨ |