ਸੁਨਾਮ ਊਧਮ ਸਿੰਘ ਵਾਲਾ, 2 ਫ਼ਰਵਰੀ (ਧਾਲੀਵਾਲ, ਭੁੱਲਰ) - ਕੇਂਦਰੀ ਖ਼ਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਪੇਸ਼ ਕੀਤੇ ਗਏ ਕੇਂਦਰੀ ਬਜਟ 2026-27 ਨੂੰ ਕੈਮਿਸਟ ਐਸੋਸੀਏਸ਼ਨ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਜਿੰਦਲ ਅਤੇ ਜਨਰਲ ਸਕੱਤਰ ਰਾਜੀਵ ਜੈਨ ਨੇ ਸਿਹਤ ਖੇਤਰ ਲਈ ਇਤਿਹਾਸਕ ਅਤੇ ਲੋਕ-ਹਿਤੈਸ਼ੀ ਦੱਸਦਿਆਂ ਕਿਹਾ ਕਿ ਇਸ ਬਜਟ ਵਿੱਚ ਕੀਤੇ ਗਏ ਪ੍ਰਬੰਧ ਭਾਰਤ ਨੂੰ ਵਿਸ਼ਵ ਪੱਧਰੀ ਫਾਰਮਾ ਹੱਬ ਬਣਾਉਣ ਦੀ ਦਿਸ਼ਾ ਵਿੱਚ ਮੀਲ ਪੱਥਰ ਸਾਬਤ ਹੋਣਗੇ | ਉਨ੍ਹਾਂ ਕਿਹਾ ਕਿ ਕੈਂਸਰ ਸਮੇਤ 36 ਜੀਵਨ ਰੱਖਿਆਕਾਰੀ ਦਵਾਈਆਂ ਨੂੰ ਮੂਲ ਸੀਮਾ ਸ਼ੁਲਕ ਤੋਂ ਮੁਕਤ ਕਰਨ ਦਾ ਫ਼ੈਸਲਾ ਗ਼ਰੀਬ ਅਤੇ ਲੋੜਵੰਦ ਮਰੀਜ਼ਾਂ ਲਈ ਵੱਡੀ ਰਾਹਤ ਹੈ | ਇਸ ਨਾਲ ਇਨ੍ਹਾਂ ਦਵਾਈਆਂ ਦੀਆਂ ਕੀਮਤਾਂ ਵਿੱਚ ਵੱਡੀ ਕਮੀ ਆਏਗੀ ਅਤੇ ਆਮ ਲੋਕਾਂ ਲਈ ਇਨ੍ਹਾਂ ਦੀ ਪਹੁੰਚ ਆਸਾਨ ਹੋਵੇਗੀ | ਇਸ ਤੋਂ ਇਲਾਵਾ 37 ਨਵੀਆਂ ਦਵਾਈਆਂ ਅਤੇ 13 ਨਵੇਂ ਪ੍ਰੋਗਰਾਮਾਂ ਨੂੰ ਮਰੀਜ਼ ਸਹਾਇਤਾ ਯੋਜਨਾਵਾਂ ਵਿਚ ਸ਼ਾਮਲ ਕਰਨ ਦਾ ਫ਼ੈਸਲਾ ਵੀ ਸ਼ਲਾਘਾਯੋਗ ਹੈ | ਤਿੰਨ ਨਵੇਂ ਆਯੁਰਵੈਦਿਕ ਐਮਜ਼ ਦੀ ਸਥਾਪਨਾ ਅਤੇ ਕਲੀਨੀਕਲ ਟਰਾਇਲ ਸਾਈਟਾਂ ਦੇ ਨੈੱਟਵਰਕ ਦੇ ਵਿਸਥਾਰ ਨਾਲ ਦੇਸ਼ ਦੇ ਦਵਾ ਉਦਯੋਗ ਨੂੰ ਹੋਰ ਮਜ਼ਬੂਤੀ ਮਿਲੇਗੀ | ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਨੇ ਕੇਂਦਰ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਬਜਟ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਆਮ ਲੋਕਾਂ ਦੇ ਹਿਤਾਂ ਦੀ ਵੀ ਰੱਖਿਆ ਕਰੇਗਾ |