ਲਹਿਰਾਗਾਗਾ, 2 ਫਰਵਰੀ (ਅਸ਼ੋਕ ਗਰਗ) - ਪੰਜਾਬ ਦੇ ਕਈ ਸਰਕਾਰੀ ਵਿਭਾਗ ਪੰਜਾਬੀ ਭਾਸ਼ਾ ਨੂੰ ਦੂਰ ਰੱਖ ਕੇ ਅੰਗਰੇਜ਼ੀ ਭਾਸ਼ਾ ਵਿਚ ਕੰਮ ਕਰ ਰਹੇ ਹਨ | ਅਜਿਹਾ ਹੀ ਇੱਕ ਮਾਮਲਾ ਸਿੱਖਿਆ ਵਿਭਾਗ ਦੇ ਬਲਾਕ ਦਿੜ੍ਹਬਾ ਦੇ ਪਿੰਡ ਸ਼ਾਦੀਹਰੀ ਵਿਖੇ ਸਾਹਮਣੇ ਆਇਆ ਜਿੱਥੇ ਸਰਕਾਰੀ ਪ੍ਰਾਇਮਰੀ ਸਕੂਲ ਵਲੋਂ ਆਪਣਾ ਰੋਜ਼ਾਨਾ ਦਾ ਕੰਮ ਕਾਰ ਅੰਗਰੇਜ਼ੀ ਭਾਸ਼ਾ ਵਿਚ ਕੀਤਾ ਜਾ ਰਿਹਾ ਸੀ | ਇਸ ਮਾਮਲੇ ਨੂੰ ਲੈ ਕੇ ਭਾਸ਼ਾ ਵਿਭਾਗ ਪੰਜਾਬ ਵਲੋਂ ਸਕੂਲ ਨੂੰ ਸਖਤ ਤਾੜਨਾ ਕਰਦੇ ਹੋਏ ਸਾਰਾ ਕੰਮ ਪੰਜਾਬੀ ਵਿਚ ਕਰਨ ਲਈ ਹੁਕਮ ਜਾਰੀ ਕੀਤੇ ਗਏ ਹਨ | ਆਰ.ਟੀ.ਆਈ. ਮਾਹਿਰ ਅਤੇ ਸਮਾਜ ਸੇਵੀ ਬਿ੍ਸ ਭਾਨ ਬੁਜਰਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਸ਼ਾਦੀ ਹਰੀ ਕੋਲੋਂ ਸੂਚਨਾ ਦੇ ਅਧਿਕਾਰ ਐਕਟ 2005 ਦੇ ਤਹਿਤ ਜਾਣਕਾਰੀ ਮੰਗੀ ਗਈ ਸੀ ਪਰ ਸਬੰਧਿਤ ਸਕੂਲ ਵਲੋਂ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਮੰਗਿਆ ਗਿਆ ਰਿਕਾਰਡ ਮੁਹੱਈਆ ਨਹੀਂ ਕਰਵਾਇਆ ਸਗੋਂ ਉਲਟਾ ਅੰਗਰੇਜ਼ੀ ਦੇ ਵਿਚ ਜਵਾਬ ਭੇਜ ਕੇ ਰਿਕਾਰਡ ਨੂੰ ਨਿੱਜੀ ਦੱਸਿਆ ਗਿਆ | ਜਦੋਂ ਕਿ ਉਸ ਰਿਕਾਰਡ ਦਾ ਨਿੱਜਤਾ ਨਾਲ ਕੋਈ ਸਬੰਧ ਨਹੀਂ ਹੈ | ਦੂਸਰੇ ਪਾਸੇ ਜਦੋਂ ਇਸ ਦੀ ਸ਼ਿਕਾਇਤ ਭਾਸ਼ਾ ਵਿਭਾਗ ਪੰਜਾਬ ਨੂੰ ਕੀਤੀ ਗਈ ਅਤੇ ਉਨ੍ਹਾਂ ਨੇ ਸ਼ਿਕਾਇਤ ਉੱਤੇ ਕਾਰਵਾਈ ਕਰਦਿਆਂ ਸਰਕਾਰੀ ਪ੍ਰਾਇਮਰੀ ਸਕੂਲ ਸ਼ਾਦੀ ਹਰੀ ਨੂੰ ਨੋਟਿਸ ਜਾਰੀ ਕਰ ਕੇ ਪੰਜਾਬੀ ਐਕਟ ਨੂੰ ਅਣਗੌਲਿਆ ਕਰਨ ਦਾ ਜਵਾਬ ਮੰਗਿਆ ਤਾਂ ਸਕੂਲ ਵਲੋਂ ਆਪਣੇ ਜਵਾਬ ਵਿਚ ਕਿਹਾ ਗਿਆ ਕਿ ਅੱਗੇ ਤੋਂ ਸਾਰਾ ਕੰਮ ਪੰਜਾਬੀ ਭਾਸ਼ਾ ਵਿਚ ਹੀ ਕੀਤਾ ਜਾਵੇਗਾ | ਬੁਜਰਕ ਨੇ ਦੋਸ਼ ਲਾਉਂਦਿਆਂ ਕਿਹਾ ਕਿ ਸਕੂਲ ਵਲੋਂ ਆਰ.ਟੀ.ਆਈ. 'ਚ ਮੰਗਿਆ ਗਿਆ ਰਿਕਾਰਡ ਜਾਣ ਬੁਝ ਕੇ ਨਹੀਂ ਦਿੱਤਾ ਜਾ ਰਿਹਾ ਪਰ ਉਹ ਇਹ ਰਿਕਾਰਡ ਲੈ ਕੇ ਹੀ ਹਟਣਗੇੇ | ਉਨ੍ਹਾਂ ਕਿਹਾ ਕਿ ਸੂਚਨਾ ਦੇ ਅਧਿਕਾਰ ਐਕਟ ਮੁਤਾਬਕ ਜ਼ਿਲ੍ਹਾ ਅਫ਼ਸਰ ਨੂੰ ਪਹਿਲਾਂ ਅਪੀਲ ਵੀ ਪਾਈ ਗਈ ਪਰ ਉਸ ਅਪੀਲ ਨੂੰ ਵੀ ਉੱਚਾ ਅਫ਼ਸਰਾਂ ਵਲੋਂ ਅਣਗੌਲਿਆ ਹੀ ਕੀਤਾ ਗਿਆ | ਬੁਜਰਕ ਨੇ ਮੰਗ ਕੀਤੀ ਕਿ ਅਜਿਹੇ ਸੂਚਨਾ ਅਫ਼ਸਰਾਂ ਨੂੰ ਵੱਧ ਤੋਂ ਵੱਧ ਜੁਰਮਾਨੇ ਲਾਏ ਜਾਣੇ ਚਾਹੀਦੇ ਹਨ |