ਮੂਨਕ, 2 ਫਰਵਰੀ (ਮਦਾਨ, ਸਿੰਗਲਾ) - ਪਿੰਡ ਦੇਹਲਾ ਸੀਹਾਂ ਵਿਖੇ ਗੁਰਚਰਨ ਸਿੰਘ ਨਾਮ ਦੇ ਵਿਅਕਤੀ ਵਲੋਂ ਆਪਣੀ ਵਿਧਵਾ ਨੂੰਹ ਗਗਨਦੀਪ ਕੌਰ ਨੂੰ ਜਮੀਨ ਜਾਂ ਘਰ ਵਿਚੋਂ ਬਣਦਾ ਹਿੱਸਾ ਨਾ ਦੇਣ ਕਰ ਕੇ, ਗਗਨਦੀਪ ਕੌਰ ਨੂੰ ਆਪਣੇ ਸਹੁਰੇ ਘਰ ਇੱਕ ਸਾਈਡ ਤੇ ਬਣੇ ਕਮਰੇ 'ਚ ਪਿੰਡ ਵਾਸੀਆਂ ਵਲੋਂ ਬਿਠਾਉਣ ਤੋਂ ਬਾਅਦ ਗੁਰਚਰਨ ਸਿੰਘ ਦੀ ਸ਼ਿਕਾਇਤ 'ਤੇ ਬੀਤੇ ਦਿਨ ਵੱਡੀ ਗਿਣਤੀ 'ਚ ਪੁਲਿਸ ਨੇ ਦੇਹਲਾ ਸ਼ੀਹਾਂ ਅਤੇ ਪਿੰਡ ਦੇ ਦਰਜਨਾਂ ਲੋਕਾਂ ਦੇ ਨਾਮ ਤੇ ਅਣਪਛਾਤਿਆਂ ਖ਼ਿਲਾਫ਼ ਪਰਚਾ ਦਰਜ ਕਰ ਦਿੱਤਾ ਸੀ | ਇਸ ਮਾਮਲੇ ਨੂੰ ਲੈ ਕੇ ਪਰਚੇ ਰੱਦ ਕਰਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਅਤੇ ਪਿੰਡ ਦੇਹਲਾ ਦੇ ਲੋਕਾਂ ਵਲੋਂ ਮੂਨਕ ਥਾਣੇ ਅੱਗੇ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ | ਅੱਜ ਧਰਨੇ ਵਿਚ ਅਕਾਲੀ ਦਲ ਦੇ ਹਲਕਾ ਇੰਚਾਰਜ ਗਗਨਦੀਪ ਸਿੰਘ ਖੰਡੇਬਾਦ ਅਤੇ ਨਿਰਮਲ ਸਿੰਘ ਨੇ ਹਾਜ਼ਰੀ ਲਗਵਾਈ | ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਧਰਨਾ ਲਗਾਤਾਰ ਜਾਰੀ ਰਹੇਗਾ ਜਦੋਂ ਤੱਕ ਝੂਠੇ ਪਰਚੇ ਰੱਦ ਨਹੀਂ ਕਰ ਦਿੱਤੇ ਜਾਂਦੇ | ਇਸ ਧਰਨੇ ਨੂੰ ਬਲਾਕ ਪ੍ਰਧਾਨ ਭੂਰਾ ਸਿੰਘ ਸਲੇਮਗੜ, ਲਖਵਿੰਦਰ ਸਿੰਘ ਡੂਡੀਆ, ਰਾਮਫਲ ਸਿੰਘ ਜਲੂਰ ਜਰਨਲ ਸਕੱਤਰ ਬੀਕੇਯੂ ਸਿੱਧੂਪੁਰ, ਰਿੰਕੂ ਮੂਨਕ ਵਾਈਸ ਪ੍ਰਧਾਨ, ਮਲਕੀਤ ਸਿੰਘ ਸਰਪੰਚ ਬੱਲਰਾਂ, ਜਸਪਾਲ ਸਿੰਘ ਸਰਪੰਚ ਦੇਹਲਾ, ਸੁਖਵਿੰਦਰ ਸਿੰਘ ਪ੍ਰਧਾਨ ਇਕਾਈ ਦੇਹਲਾ, ਆਦਿ ਆਗੂਆਂ ਨੇ ਸੰਬੋਧਨ ਕੀਤਾ |