ਧੂਰੀ, 2 ਫਰਵਰੀ (ਲਖਵੀਰ ਸਿੰਘ ਧਾਂਦਰਾ, ਸੁਖਵੰਤ ਸਿੰਘ ਭੁੱਲਰ) - ਮਿਹਨਤ, ਦਿ੍ੜ੍ਹ ਇਰਾਦਾ ਅਤੇ ਪਰਿਵਾਰਕ ਸਹਿਯੋਗ ਜੇਕਰ ਇੱਕਜੁੱਟ ਹੋ ਜਾਣ ਤਾਂ ਕੋਈ ਵੀ ਮੁਕਾਮ ਹਾਸਲ ਕਰਨਾ ਅਸੰਭਵ ਨਹੀਂ ਰਹਿੰਦਾ | ਇਸ ਗੱਲ ਨੂੰ ਸੱਚ ਕਰ ਵਿਖਾਇਆ ਹੈ ਧੂਰੀ ਦੇ ਜੰਮਪਲ ਜਗਜੀਤ ਸਿੰਘ ਕਲਸੀ ਨੇ, ਜਿਨ੍ਹਾਂ ਨੇ ਪੰਜਾਬ ਦੀ ਵੱਕਾਰੀ ਜੁਡੀਸ਼ਰੀ ਪ੍ਰੀਖਿਆ ਪਾਸ ਕਰ ਕੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਵਜੋਂ ਨਿਯੁਕਤ ਹੋ ਕੇ ਸ਼ਹਿਰ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ | ਵਰਤਮਾਨ ਵਿਚ ਮਲੇਰਕੋਟਲਾ ਵਿਖੇ ਬਤੌਰ ਡਿਪਟੀ ਜ਼ਿਲ੍ਹਾ ਅਟਾਰਨੀ ਸੇਵਾਵਾਂ ਨਿਭਾਅ ਰਹੇ ਸ. ਕਲਸੀ ਦੀ ਇਸ ਉਪਲਬਧੀ ਨਾਲ ਪੂਰੇ ਇਲਾਕੇ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਉਨ੍ਹਾਂ ਦੇ ਗ੍ਰਹਿ ਵਿਖੇ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ | ਸਥਾਨਕ ਮਿਹਨਤਕਸ਼ ਸ਼ਖ਼ਸੀਅਤ ਸ੍ਰੀ ਰਾਜਿੰਦਰ ਸਿੰਘ ਕਲਸੀ ਦੇ ਗ੍ਰਹਿ ਵਿਖੇ ਪੈਦਾ ਹੋਏ ਜਗਜੀਤ ਸਿੰਘ ਕਲਸੀ ਨੇ ਆਪਣੀ ਮੁੱਢਲੀ ਸਿੱਖਿਆ ਸਥਾਨਕ ਆਦਰਸ਼ ਪਬਲਿਕ ਸਕੂਲ ਤੋਂ ਪ੍ਰਾਪਤ ਕੀਤੀ | ਇਸ ਉਪਰੰਤ ਸਰਕਾਰੀ ਰਣਬੀਰ ਕਾਲਜ, ਸੰਗਰੂਰ ਤੋਂ ਗਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ | ਕਾਨੂੰਨ ਦੀ ਪੜ੍ਹਾਈ ਪ੍ਰਤੀ ਲਗਨ ਸਦਕਾ ਉਨ੍ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਵਕਾਲਤ ਦੀ ਡਿਗਰੀ ਮੁਕੰਮਲ ਕੀਤੀ | ਸਾਲ 2014 ਵਿਚ ਉਨ੍ਹਾਂ ਦੀ ਚੋਣ ਬਤੌਰ ਸਹਾਇਕ ਜ਼ਿਲ੍ਹਾ ਅਟਾਰਨੀ ਵਜੋਂ ਹੋਈ, ਜਿੱਥੋਂ ਉਨ੍ਹਾਂ ਦੇ ਪੇਸ਼ੇਵਰ ਸਫ਼ਰ ਦਾ ਆਗਾਜ਼ ਹੋਇਆ | ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਵੀ ਸੰਦੇਸ਼ ਦਿੱਤਾ ਕਿ ਜੇਕਰ ਨਿਸ਼ਾਨਾ ਸਪੱਸ਼ਟ ਹੋਵੇ ਅਤੇ ਇਰਾਦੇ ਨੇਕ ਹੋਣ ਤਾਂ ਸਫਲਤਾ ਤੁਹਾਡੇ ਕਦਮ ਚੁੰਮਦੀ ਹੈ | ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਕਲਸੀ ਪਰਿਵਾਰ ਨੂੰ ਇਸ ਇਤਿਹਾਸਕ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ ਹੈ |