ਮਸਤੂਆਣਾ ਸਾਹਿਬ, 3 ਫਰਵਰੀ (ਦਮਦਮੀ) - ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿ੍ਸ਼ੀ ਵਿਗਿਆਨ ਕੇਂਦਰ, ਸੰਗਰੂਰ ਦੀ ਟੀਮ ਵਲੋਂ ਮਸਤੂਆਣਾ ਸਾਹਿਬ ਵਿਖੇ ਸੰਤ ਬਾਬਾ ਅਤਰ ਸਿੰਘ ਦੀ ਬਰਸੀ ਮੌਕੇ ਕਿ੍ਸ਼ੀ ਵਿਗਿਆਨ ਕੇਂਦਰ ਦੀਆਂ ਗਤੀਵਿਧੀਆਂ ਨੂੰ ਦਰਸਾਉਂਦੀ ਪ੍ਰਭਾਵਸ਼ਾਲੀ ਪ੍ਰਦਰਸ਼ਨੀ ਲਗਾ ਕੇ ਕਿਸਾਨ ਵੀਰਾਂ ਅਤੇ ਬੀਬੀਆਂ ਨੂੰ ਨਵੀਆਂ ਖੇਤੀ ਤਕਨੀਕਾਂ ਅਤੇ ਸਹਾਇਕ ਧੰਦਿਆਂ ਬਾਰੇ ਜਾਗਰੂਕ ਕੀਤਾ ਗਿਆ | ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਡਾ. ਮਨਦੀਪ ਸਿੰਘ ਇੰਚਾਰਜ ਕਿ੍ਸ਼ੀ ਵਿਗਿਆਨ ਕੇਂਦਰ, ਸੰਗਰੂਰ ਨੇ ਦੱਸਿਆ ਖੇਤੀ ਮਾਹਿਰਾਂ ਦੀ ਟੀਮ ਨੇ ਸਟਾਲ ਉੱਤੇ ਹਾਜ਼ਰ ਰਹਿ ਕੇ ਮੇਲਾ ਵੇਖਣ ਆਏ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਟਿਕਾਊ ਖੇਤੀ ਅਭਿਆਸਾਂ, ਫ਼ਸਲੀ ਰਹਿੰਦ-ਖੰੂਹਦ ਪ੍ਰਬੰਧਨ, ਖੇਤੀ ਵਿਭਿੰਨਤਾ, ਮਿੱਟੀ ਪਰਖ ਦੀ ਮਹੱਤਤਾ ਅਤੇ ਨਮੂਨਾ ਲੈਣ ਦੀ ਸਹੀ ਢੰਗਾਂ, ਖਾਦਾਂ ਦੀ ਸੁਚੱਜੀ ਵਰਤੋਂ, ਕਣਕ ਦੀ ਫ਼ਸਲ ਵਿਚ ਪੋਟਾਸ਼ੀਅਮ ਨਾਈਟ ਰੇਟ ਦੀ ਵਰਤੋਂ, ਘਰੇਲੂ ਸਬਜ਼ੀ ਬਗੀਚੀ, ਹਲਦੀ ਦੀ ਕਾਸ਼ਤ, ਆਦਿ ਸਣੇ ਖੇਤੀਬਾੜੀ ਦੇ ਵੱਖ-ਵੱਖ ਵਿਸ਼ਿਆਂ ਸਬੰਧੀ ਵਿਗਿਆਨਕ ਜਾਣਕਾਰੀ ਦਿੱਤੀ | ਇਸ ਤੋਂ ਇਲਾਵਾ ਕਿਸਾਨ ਵੀਰਾਂ ਨੂੰ ਪੀ.ਏ.ਯੂ. ਵਲੋਂ ਪ੍ਰਕਾਸ਼ਿਤ ਖੇਤੀ ਸਾਹਿਤ ਅਤੇ ਗਰਮੀ ਰੁੱਤ ਦੀਆਂ ਸਬਜ਼ੀਆਂ ਦੇ ਬੀਜਾਂ ਦੀਆਂ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ | ਖੇਤੀ ਮਾਹਿਰਾਂ ਦੀ ਟੀਮ ਵਿਚ ਡਾ ਰਵਿੰਦਰ ਕੌਰ, ਡਾ ਵਿਤਸਤਾ ਅਤੇ ਮੈਡਮ ਅਮਰਪ੍ਰੀਤ ਕੌਰ ਸਟਾਲ ਉੱਤੇ ਹਜ਼ਾਰ ਰਹੇ | ਕਿਸਾਨਾਂ ਵਲੋਂ ਫ਼ਸਲਾਂ, ਸਬਜ਼ੀਆਂ, ਫਲਾਂ, ਖੁੰਬਾਂ ਅਤੇ ਸਬਜ਼ੀਆਂ ਦੀਆਂ ਪਨੀਰੀਆਂ ਸਬੰਧੀ ਪੁੱਛੇ ਸੁਆਲਾਂ ਦੇ ਜੁਆਬ ਦਿੱਤੇ ਗਏ |