ਮਲੇਰਕੋਟਲਾ, 4 ਫਰਵਰੀ (ਮੁਹੰਮਦ ਹਨੀਫ਼ ਥਿੰਦ) - ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਪ੍ਰੀਤ ਕੌਰ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪ੍ਰੋਜੈਕਟ ਜੀਵਨ ਜੋਤ 2.0 ਅਧੀਨ ਮਲੇਰਕੋਟਲਾ ਵਿਖੇ ਬੱਚਿਆਂ ਨੂੰ ਭੀਖ ਮੰਗਣ ਦੀਆਂ ਘਟਨਾਵਾਂ ਤੋਂ ਬਚਾਉਣ ਅਤੇ ਉਨ੍ਹਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ | ਇਸ ਮੁਹਿੰਮ ਦੌਰਾਨ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਅਤੇ ਭੀੜ-ਭਾੜ ਵਾਲੀਆਂ ਥਾਵਾਂ 'ਤੇ ਬਾਲ ਵਿਭਾਗ ਦੀ ਟੀਮ ਵਲੋਂ ਬਾਲ ਭਿੱਖਿਆ ਸਬੰਧੀ ਜਾਂਚ ਕੀਤੀ ਗਈ | ਇਸ ਚੈਕਿੰਗ ਦੌਰਾਨ ਬਾਜ਼ਾਰ 'ਚੋਂ 2 ਬੱਚਿਆਂ ਨੂੰ ਭੀਖ ਮੰਗਦੇ ਪਾਇਆ ਗਿਆ | ਵਿਭਾਗ ਦੀ ਟੀਮ ਵਲੋਂ ਬੱਚਿਆਂ ਨਾਲ ਸੰਵੇਦਨਸ਼ੀਲ ਢੰਗ ਨਾਲ ਗੱਲਬਾਤ ਕੀਤੀ ਗਈ ਅਤੇ ਬੱਚਿਆਂ ਨੂੰ ਚਾਇਲਡ ਵੈੱਲਫੇਅਰ ਕਮੇਟੀ (ਸੀ.ਯੂ.ਸੀ) ਦੀ ਟੀਮ ਦੇ ਸਪੁਰਦ ਕੀਤਾ ਗਿਆ | ਜਿੱਥੇ ਮਾਹਿਰਾਂ ਵਲੋਂ ਬੱਚਿਆਂ ਦੀ ਕਾਉਂਸਲਿੰਗ ਕੀਤੀ ਗਈ ਅਤੇ ਉਨ੍ਹਾਂ ਦੇ ਪਰਿਵਾਰਕ ਪਿਛੋਕੜ ਬਾਰੇ ਜਾਣਕਾਰੀ ਲਈ ਗਈ | ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਦੇ ਸਪੁਰਦ ਕਰ ਕੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਗਈ ਕਿ ਬੱਚਿਆਂ ਤੋਂ ਮੁੜ ਭੀਖ ਮੰਗਵਾਉਣ 'ਤੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਬਾਲ ਸੁਰੱਖਿਆ ਅਫ਼ਸਰ ਮੁਬੀਨ ਕੁਰੇਸ਼ੀ, ਥਾਣਾ ਮੁਖੀ ਬਲਵੀਰ ਸਿੰਘ, ਕੌਂਸਲਰ ਰਵਿੰਦਰ ਕੌਰ, ਸਿੱਖਿਆ ਵਿਭਾਗ ਤੋਂ ਕੁਲਵੀਰ ਸਿੰਘ, ਕੇਸ ਵਰਕਰ (ਚਾਈਲਡ ਲਾਈਨ) ਇਮਤਿਆਜ਼ ਅਹਿਮਦ ਅਤੇ ਮੀਡੀਆ ਸਹਾਇਕ ਪਰਗਟ ਸਿੰਘ ਹਾਜ਼ਰ ਸਨ |