ਧੂਰੀ, 4 ਫਰਵਰੀ (ਲਖਵੀਰ ਸਿੰਘ ਧਾਂਦਰਾ) - ਧੂਰੀ ਵਿਖੇ ਕਬਰਸਤਾਨ ਦੀ ਜਗ੍ਹਾ ਨਾ ਹੋਣ ਕਾਰਨ ਅੱਜ ਸੈਮਪੌਲ ਦੀ ਲਾਸ਼ ਨੂੰ ਦਫ਼ਨਾਉਣ ਲਈ ਮਿ੍ਤਕ ਦੇ ਭਰਾ ਪਾਸਟਰ ਚਰਨ ਦਾਸ ਨੇ ਪ੍ਰਸ਼ਾਸਨ ਤੋਂ ਜਗ੍ਹਾ ਦੀ ਮੰਗ ਕੀਤੀ ਪ੍ਰੰਤੂ ਜਗ੍ਹਾ ਦਾ ਪ੍ਰਬੰਧ ਨਾ ਹੋਣ ਦੇ ਰੋਸ ਵਜੋਂ ਮਿ੍ਤਕ ਦੇ ਪਰਿਵਾਰ ਨੇ ਲਾਸ਼ ਸੜਕ 'ਤੇ ਰੱਖ ਧਰਨਾ ਲਗਾ ਦਿੱਤਾ ਅਤੇ ਪ੍ਰਸ਼ਾਸਨ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ | ਇਸ ਮੌਕੇ ਕਿ੍ਸਚੀਅਨ ਨੈਸ਼ਨਲ ਫ਼ਰੰਟ ਦੇ ਨੇਤਾਵਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਾਨਯੋਗ ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਪ੍ਰਸ਼ਾਸਨ ਕਬਰਸਤਾਨ ਲਈ ਜ਼ਮੀਨ ਮੁਹੱਈਆ ਨਹੀਂ ਕਰਵਾ ਸਕਿਆ ਜੋ ਕਿ ਬਹੁਤ ਹੀ ਮੰਦਭਾਗਾ ਹੈ | ਉਨ੍ਹਾਂ ਕਿਹਾ ਕਿ ਰਾਸ਼ਟਰੀ ਪ੍ਰਧਾਨ ਲਾਰੈਸ ਚੌਧਰੀ ਦੀ ਅਗਵਾਈ ਵਿਚ ਪੰਜਾਬ ਦੇ ਸਾਰੇ ਜ਼ਿਲਿਆਂ ਵਿਚ ਕਬਰਸਤਾਨਾਂ ਲਈ ਜ਼ਮੀਨ ਦੀ ਅਲਾਟਮੈਂਟ ਲਈ ਕਈ ਸਾਲਾਂ ਤੋਂ ਧਰਨੇ ਲਗਾ ਕੇ ਮੰਗ ਪੱਤਰ ਦਿੱਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਹਲਕੇ ਵਿਚ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਤਾਂ ਫਿਰ ਹੋਰ ਕਿੱਥੇ ਹੋਏਗਾ ਪਰੰਤੂ ਸਰਕਾਰ ਵਲੋਂ ਜਾਣਬੁੱਝ ਕੇ ਵਿਤਕਰੇ ਤਹਿਤ ਮਸੀਹੀ ਭਾਈਚਾਰੇ ਦੇ ਹੱਕਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਜਦ ਤੱਕ ਧੂਰੀ ਵਿਖੇ ਕਬਰਸਤਾਨ ਲਈ ਜ਼ਮੀਨ ਦੀ ਅਲਾਟਮੈਂਟ ਨਹੀਂ ਹੁੰਦੀ ਧਰਨਾ ਜਾਰੀ ਰੱਖਾਂਗੇ ਅਤੇ ਲਾਸ਼ ਦੀ ਬੇਅਦਬੀ ਲਈ ਪ੍ਰਸ਼ਾਸਨ ਅਤੇ ਸਰਕਾਰ ਜ਼ਿੰਮੇਵਾਰ ਹੋਵੇਗੀ | ਇਸ ਮੌਕੇ ਪਾਸਟਰ ਚਰਨ ਮਸੀਹ, ਗੁਰਬਾਜ ਕੋਆਰਡੀਨੇਟਰ ਪੰਜਾਬ, ਰਵੀ ਪੌਲ ਪੰਜਾਬ ਯੂਥ ਪ੍ਰਧਾਨ, ਪਾ.ਭਰਪੂਰ ਜੱਸੀ ਜ.ਸਕੱਤਰ ਪੰਜਾਬ, ਸੈਮਪੌਲ ਜ਼ਿਲ੍ਹਾ ਪ੍ਰਧਾਨ ਅਤੇ ਸੰਗਤ ਹਾਜ਼ਰ ਸਨ |