ਲੌਂਗੋਵਾਲ, 6 ਫਰਵਰੀ (ਵਿਨੋਦ ਸ਼ਰਮਾ, ਸ.ਖੰਨਾ) - ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪਿੰਡ ਦਿਆਲਗੜ੍ਹ ਵਿਖੇ 14.50 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਗੁਰੂ ਰਵਿਦਾਸ ਜੀ ਧਰਮਸ਼ਾਲਾ ਅਤੇ 7 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਮੁਸਲਿਮ ਧਰਮਸ਼ਾਲਾ ਦਾ ਉਦਘਾਟਨ ਕੀਤਾ | ਇਸ ਮੌਕੇ ਉਨ੍ਹਾਂ ਪਿੰਡ ਵਾਸੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਸਥਾਨ ਪਿੰਡ ਦੇ ਸਮਾਜਿਕ, ਧਾਰਮਿਕ ਅਤੇ ਪਰਿਵਾਰਿਕ ਸਮਾਗਮਾਂ ਨੂੰ ਕਰਵਾਉਣ ਲਈ ਸਾਂਝੇ ਸਥਾਨ ਵਜੋਂ ਵਰਤੇ ਜਾ ਸਕਣਗੇ | ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਹਰ ਧਰਮ, ਵਰਗ ਅਤੇ ਸਮੁਦਾਇ ਦੇ ਲੋਕਾਂ ਲਈ ਬਰਾਬਰੀ ਦੇ ਆਧਾਰ 'ਤੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਸਰਕਾਰ ਦਾ ਮਕਸਦ ਸੂਬੇ ਵਿਚ ਆਪਸੀ ਭਾਈਚਾਰੇ, ਸਹਿਯੋਗ ਅਤੇ ਸਮਾਜਿਕ ਏਕਤਾ ਨੂੰ ਮਜ਼ਬੂਤ ਕਰਨਾ ਹੈ | ਉਨ੍ਹਾਂ ਕਿਹਾ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਵਿਕਾਸ ਕਾਰਜਾਂ ਵਿਚ ਕਿਸੇ ਵੀ ਤਰ੍ਹਾਂ ਦਾ ਭੇਦਭਾਵ ਨਹੀਂ ਕੀਤਾ ਜਾ ਰਿਹਾ | ਇਸ ਮੌਕੇ ਸਰਪੰਚ ਪਿ੍ਤਪਾਲ ਸਿੰਘ,ਸਾ. ਸਰਪੰਚ ਮੁਖਤਿਆਰ ਸਿੰਘ, ਸਰਪੰਚ ਜੱਗਾ ਸਿੰਘ ਢੱਡਰੀਆਂ, ਪੰਚ ਜਤਿੰਦਰ ਸਿੰਘ, ਪੰਚ ਗੁਰਦੀਪ ਸਿੰਘ, ਕਰਮਜੀਤ ਸਿੰਘ ਬੁੱਧੂ, ਪੰਚ ਸੁਖਦੇਵ ਸਿੰਘ, ਪੰਚ ਗੁਲਾਬੀ ਸਿੰਘ, ਪੰਚ ਨਨੋ ਕੌਰ, ਰਣਜੀਤ ਸਿੰਘ, ਕਾਲਾ ਸਿੰਘ, ਮੇਜਰ ਸਿੰਘ ਢੱਡਰੀਆਂ ਹਾਜ਼ਰ ਸਨ |