ਮਲੇਰਕੋਟਲਾ, 20 ਫ਼ਰਵਰੀ (ਮਨਜਿੰਦਰ ਸਿੰਘ ਸਰੌਦ) - ਪਿਛਲੇ ਲੰਬੇ ਸਮੇਂ ਤੋਂ ਕਈ ਜ਼ਿਲਿ੍ਹਆਂ ਦੇ ਖੇਤਾਂ ਨੂੰ ਨਹਿਰੀ ਪਾਣੀ ਲਈ ਸੰਘਰਸ਼ ਕਰ ਰਹੀ 'ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ' ਵਲੋਂ ਨਵੀਂ ਮਿੰਨੀ ਨਹਿਰ ਮਲੇਰਕੋਟਲਾ ਬਰਾਂਚ ਲਈ ਐਕਵਾਇਰ ਕੀਤੀ ਜ਼ਮੀਨ ਦੀ ਰਾਸ਼ੀ ਕਿਸਾਨਾਂ ਦੇ ਖਾਤਿਆਂ ਵਿਚ ਪਾਉਣ ਦੀ ਮੰਗ ਕਰਦਿਆਂ ਜਥੇਬੰਦੀ ਦੇ ਆਗੂਆਂ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਤੇ ਵਿੱਤ ਸਕੱਤਰ ਸੁਖਵਿੰਦਰ ਸਿੰਘ ਚੂੰਘਾ ਨੇ ਆਖਿਆ ਕਿ ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਕਰੀਬ 4 ਵਰ੍ਹੇ ਪਹਿਲਾਂ ਇਲਾਕੇ ਦੇ 63 ਪਿੰਡਾਂ ਅੰਦਰ ਪੈਦਲ ਮਾਰਚ ਕਰ ਕੇ ਸ਼ੁਰੂ ਕੀਤੇ ਕੀਤੇ ਸੰਘਰਸ਼ ਦੀ ਬਦੌਲਤ ਨਵੀਂ ਮਿੰਨੀ ਨਹਿਰ ਮਲੇਰਕੋਟਲਾ ਬਰਾਂਚ ਬਣਾਉਣ ਦੀ ਮਨਜ਼ੂਰੀ ਮਿਲੀ | ਜਿਸ ਲਈ ਕਿਸਾਨਾਂ ਦੀ ਬਣਦੀ ਜ਼ਮੀਨ ਵੀ ਐਕਵਾਇਰ ਹੋ ਚੁੱਕੀ ਹੈ | ਕਿਸਾਨ ਆਗੂਆਂ ਨੇ ਆਖਿਆ ਕਿ ਇਸ ਸਬੰਧੀ ਮਿਲਣ ਵਾਲੀ ਰਾਸ਼ੀ ਲਈ ਅਵਾਰਡ ਵੀ ਬਣਾ ਕੇ ਸੰਬੰਧਿਤ ਅਧਿਕਾਰੀਆਂ ਵਲੋਂ ਸਰਕਾਰ ਕੋਲ ਭੇਜ ਦਿੱਤੇ ਗਏ ਹਨ, ਇਸ ਲਈ ਸਰਕਾਰ ਵਲੋਂ ਹੁਣ ਕਿਸਾਨਾਂ ਨੂੰ ਜ਼ਮੀਨ ਦੀ ਬਣਦੀ ਰਾਸ਼ੀ ਦੇ ਕੇ ਨਹਿਰ ਦਾ ਕੰਮ ਸ਼ੁਰੂ ਕੀਤਾ ਜਾਵੇ | ਕਿਸਾਨ ਆਗੂਆਂ ਨੇ ਦੱਸਿਆ ਕਿ 4 ਵਿਧਾਨ ਸਭਾ ਹਲਕਿਆਂ ਮਲੇਰਕੋਟਲਾ, ਅਮਰਗੜ੍ਹ, ਮਹਿਲ ਕਲਾਂ ਤੇ ਧੂਰੀ ਅੰਦਰ ਪੈਂਦੀ ਇਸ ਮਿੰਨੀ ਨਹਿਰ ਦੀ ਲੰਬਾਈ ਤਕਰੀਬਨ 54 ਕਿੱਲੋਮੀਟਰ ਹੈ ਜਿਸ ਵਿਚ 38 ਪਿੰਡਾਂ ਦੀ 288 ਏਕੜ ਜ਼ਮੀਨ ਆਉਂਦੀ ਹੈ | ਇਸ ਨਵੀਂ ਨਹਿਰ ਦੇ ਚਾਲੂ ਹੋਣ ਨਾਲ ਸੰਬੰਧਿਤ ਹਲਕਿਆਂ ਦੇ 45 ਪਿੰਡਾਂ ਦੇ 55 ਹਜ਼ਾਰ ਏਕੜ ਰਕਬੇ ਨੂੰ ਨਹਿਰੀ ਪਾਣੀ ਮਿਲ ਸਕੇਗਾ | ਕਿਸਾਨ ਆਗੂਆਂ ਨੇ ਕਿਹਾ ਕਿ ਧਰਤੀ ਹੇਠਲਾ ਪਾਣੀ ਡੂੰਘਾ ਹੋਣ ਕਾਰਨ ਕਿਸਾਨਾਂ ਨੂੰ ਪੇਸ਼ ਆ ਰਹੀਆਂ ਦਿੱਕਤਾਂ ਦੇ ਚੱਲਦਿਆਂ ਚੰਗਾ ਹੋਵੇ ਜੇਕਰ ਸਰਕਾਰ ਵਲੋਂ ਇਸ 'ਮਹਾਂ ਪ੍ਰੋਜੈਕਟ' ਨੂੰ ਜਲਦੀ ਤਿਆਰ ਕਰ ਕੇ ਕਿਸਾਨਾਂ ਨੂੰ ਨਹਿਰੀ ਪਾਣੀ ਦਿੱਤਾ ਜਾਵੇ | ਇਲਾਕੇ ਦੇ ਪਿੰਡਾਂ ਅੰਦਰ ਧਰਤੀ ਹੇਠਲਾ ਪਾਣੀ ਡੂੰਘਾ ਹੋ ਜਾਣ ਕਾਰਨ ਕਿਸਾਨਾਂ ਨੂੰ ਆਏ ਦਿਨ ਨਿਤ ਨਵੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਆਗੂਆਂ ਨੇ ਆਖਿਆ ਕਿ ਕਿਸਾਨਾਂ ਨੂੰ ਘੱਟ ਤੋਂ ਘੱਟ 1 ਕਰੋੜ 25 ਲੱਖ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ | ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਨੇ ਮੰਗ ਕੀਤੀ ਕਿ ਕਿਸਾਨਾਂ ਦੇ ਖਾਤਿਆਂ ਵਿਚ ਪੈਸੇ ਪਾ ਕੇ ਇਸ ਦਾ ਕੰਮ ਤੁਰੰਤ ਚਾਲੂ ਕੀਤਾ ਜਾਵੇ | ਇਸ ਮੌਕੇ ਜਰਨੈਲ ਸਿੰਘ ਜਹਾਂਗੀਰ ਪ੍ਰਧਾਨ ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ, ਸੁਖਵਿੰਦਰ ਸਿੰਘ ਚੂੰਘਾਂ ਵਿੱਤ ਸਕੱਤਰ, ਰੁਪਿੰਦਰ ਸਿੰਘ ਚੌਦਾਂ ਜ਼ਿਲ੍ਹਾ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਮਲੇਰਕੋਟਲਾ, ਮਾਨ ਸਿੰਘ ਸੱਦੋਪੁਰ ਬਲਾਕ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ, ਸ਼ਮਸ਼ੇਰ ਸਿੰਘ ਆਦਮ ਪਾਲ, ਹਰਜੀਤ ਸਿੰਘ ਬਦੇਸ਼ਾ ਮੀਤ ਪ੍ਰਧਾਨ , ਗੁਰਮੇਲ ਸਿੰਘ ਮਦੇਵੀ, ਰਣਜੀਤ ਸਿੰਘ ਹਥਨ, ਕੁਲਵਿੰਦਰ ਸਿੰਘ ਮਦੇਵੀ, ਦਵਿੰਦਰ ਸਿੰਘ ਬਦੇਸ਼ਾ, ਰਣਜੀਤ ਸਿੰਘ ਮਦੇਵੀ ਆਦਿ ਹਾਜ਼ਰ ਸਨ |