24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਪਿੰਡਾਂ 'ਚ ਵੜ ਕੇ ਕਿਸਾਨਾਂ ਨੂੰ ਨਿਸ਼ਾਨਾ ਬਣਾਉਣਾ ਸਰਕਾਰ ਦੀ ਘਿਨੌਣੀ ਸਾਜਿਸ਼ - ਉਗਰਾਹਾਂ

Ad Position 21
No active advertisement
ਅਜੀਤ ਡੈਸਕ 23-02-2026
ਸੁਨਾਮ ਊਧਮ ਸਿੰਘ ਵਾਲਾ, 22 ਫਰਵਰੀ (ਧਾਲੀਵਾਲ, ਭੁੱਲਰ) - ਜ਼ਿਲ੍ਹਾ ਬਠਿੰਡਾ ਦੇ ਪਿੰਡ ਜਿਉਂਦ 'ਚ ਕਿਸਾਨਾਂ 'ਤੇ ਹੋਏ ਪੁਲਿਸ ਤਸ਼ੱਦਦ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਪਿੰਡਾਂ ਵਿਚ ਵੜ ਕੇ ਕਿਸਾਨਾਂ ਨੂੰ ਨਿਸ਼ਾਨਾ ਬਣਾਉਣਾ ਸਰਕਾਰ ਦੀ ਘਿਣਾਉਣੀ ਸਾਜ਼ਿਸ਼ ਹੈ | ਇਸ ਕਾਰਵਾਈ ਦੌਰਾਨ ਪਿੰਡ ਮਾੜੀ ਦੇ ਕਿਸਾਨ ਚਰਨਜੀਤ ਸਿੰਘ ਦੀ ਲੱਤ ਬੁਰੀ ਤਰ੍ਹਾਂ ਤੋੜ ਦਿੱਤੀ ਗਈ, ਜਿਸ ਬਾਰੇ ਜਥੇਬੰਦੀ ਕਾਨੂੰਨੀ ਮਾਹਿਰਾਂ ਦੀ ਸਲਾਹ ਲੈ ਕੇ ਅਦਾਲਤ ਦਾ ਬੂਹਾ ਖੜਕਾਏਗੀ | ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਨਾਕਾਬੰਦੀ ਲਗਾ ਕੇ ਕਿਸਾਨਾਂ ਨੂੰ ਰੋਕਣਾ ਇੱਕ ਵੱਖਰੀ ਗੱਲ ਹੈ, ਪਰ ਘਰਾਂ ਵਿਚ ਬੈਠੇ ਕਿਸਾਨਾਂ 'ਤੇ ਹਮਲਾ ਕਰਨਾ ਗੈਰ-ਲੋਕਤੰਤਰੀ ਹੈ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਬਕ ਸਿਖਾਉਣ ਦੀ ਇਹ ਸੋਚ ਸਿਰਫ਼ ਐਸ.ਐਸ.ਪੀ. ਦੀ ਨਹੀਂ ਸਗੋਂ ਸਰਕਾਰ ਦੇ ਇਸ਼ਾਰੇ 'ਤੇ ਪੁਲਿਸ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਅਤੇ ਕਿਸਾਨ ਲਹਿਰ ਨੂੰ ਦਬਾਉਣ ਲਈ ਸਰਕਾਰ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ | ਉਗਰਾਹਾਂ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਕਿਸਾਨ, ਮਜ਼ਦੂਰ ਅਤੇ ਦੁਕਾਨਦਾਰ ਇਕੱਠੇ ਹੋਣ | ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰ ਨੂੰ ਲੱਗਦਾ ਹੈ ਕਿ ਉਹ ਭਾਰੂ ਹੈ, ਪਰ ਜਥੇਬੰਦੀ ਆਪਣੀ ਤਾਕਤ ਇਕੱਠੀ ਕਰ ਰਹੀ ਹੈ ਅਤੇ ਜੋ ਕਿਸਾਨ-ਮਜ਼ਦੂਰ ਸਿੱਧੇ ਤੌਰ 'ਤੇ ਅੰਦੋਲਨ ਵਿਚ ਸ਼ਾਮਲ ਨਹੀਂ ਸਨ, ਹੁਣ ਸਰਕਾਰ ਦੇ ਇਸ ਰਵੱਈਏ ਨੇ ਉਨ੍ਹਾਂ ਦੇ ਮਨਾਂ 'ਚ ਵੀ ਭਾਰੀ ਗ਼ੁੱਸਾ ਭਰ ਦਿੱਤਾ ਹੈ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਜ਼ੁਲਮ ਘਰਾਂ ਦੀਆਂ ਦਹਿਲੀਜ਼ਾਂ ਤੱਕ ਪਹੁੰਚ ਜਾਵੇ ਤਾਂ ਜਿਊਣ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ | ਉਨ੍ਹਾਂ ਕਿਹਾ ਕਿ ਇਸ ਗ਼ੁੱਸੇ ਦਾ ਸੇਕ ਹੁਣ ਸੱਤਾ 'ਤੇ ਕਾਬਜ਼ ਧਿਰ ਨੂੰ ਜ਼ਰੂਰ ਲੱਗੇਗਾ | ਕਿਸਾਨਾਂ ਅਤੇ ਮਜ਼ਦੂਰਾਂ ਦਾ ਇਹ ਰੋਸ ਆਉਣ ਵਾਲੇ ਦਿਨਾਂ ਵਿਚ ਹੋਰ ਤਿੱਖਾ ਹੋਵੇਗਾ |
Ad Position 22
No active advertisement
ਪਿਛਲੀ ਖ਼ਬਰ ਮਾਂ-ਬੋਲੀ ਪੰਜਾਬੀ ਨੂੰ ਅਮਲੀ ਰੂਪ ਵਿਚ ਲਾਗੂ ਕਰਵਾਉਣ ਲਈ ਸਾਹਿਤਕਾਰ ਹੋਏ ਲਾਮਬੰਦ ਅਗਲੀ ਖ਼ਬਰ ਭਾਜਪਾਈਆਂ ਨੇ ਰਾਹੁਲ ਗਾਂਧੀ ਦਾ ਪੁਤਲਾ ਫੂਕਿਆ
Ad Position 24