ਮਲੇਰਕੋਟਲਾ, 22 ਫ਼ਰਵਰੀ (ਮੁਹੰਮਦ ਹਨੀਫ਼ ਥਿੰਦ) -ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਮਲੇਰਕੋਟਲਾ ਵਲੋਂ ਅੱਜ ਕਲੱਬ ਚੌਕ ਵਿਖੇ ਕਾਂਗਰਸ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ | ਇਹ ਪ੍ਰਦਰਸ਼ਨ 'ਏ ਆਈ ਸੰਮੇਲਨ' ਦੌਰਾਨ ਯੂਥ ਕਾਂਗਰਸ ਵਲੋਂ ਕੀਤੀਆਂ ਗਤੀਵਿਧੀਆਂ ਦੀ ਤਿੱਖੀ ਨਿਖੇਧੀ ਵਜੋਂ ਕੀਤਾ ਗਿਆ | ਇਸ ਮੌਕੇ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਮਨਪ੍ਰੀਤ ਬੱਗਾ ਦੀ ਅਗਵਾਈ ਹੇਠ ਆਗੂਆਂ ਅਤੇ ਵਰਕਰਾਂ ਨੇ ਕਾਂਗਰਸ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕਰਦਿਆਂ ਰਾਹੁਲ ਗਾਂਧੀ ਦਾ ਪੁਤਲਾ ਫੂਕਣ ਉਪਰੰਤ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਦੀਆਂ ਇਹ ਹਰਕਤਾਂ ਦੇਸ਼ ਦੀ ਕੌਮਾਂਤਰੀ ਛਵੀ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਹਨ ਅਤੇ ਅਜਿਹੀ ਰਾਜਨੀਤੀ ਨਾਲ ਭਾਰਤ ਵਿਰੋਧੀ ਤਾਕਤਾਂ ਨੂੰ ਹੌਸਲਾ ਮਿਲਦਾ ਹੈ | ਉਨ੍ਹਾਂ ਕਿਹਾ ਕਿ ਅੱਜ ਭਾਰਤ ਵਿਸ਼ਵ ਪੱਧਰ 'ਤੇ ਤਕਨਾਲੋਜੀ, ਨਵੀਨਤਾ ਅਤੇ ਵਿਕਾਸ ਦੇ ਖੇਤਰ ਵਿਚ ਮਜ਼ਬੂਤ ਪਛਾਣ ਬਣਾ ਰਿਹਾ ਹੈ ਅਤੇ ਇਸ ਸਮੇਂ ਦੇਸ਼ ਨੂੰ ਇੱਕਜੁੱਟ ਹੋ ਕੇ ਅੱਗੇ ਵਧਾਉਣ ਦੀ ਲੋੜ ਹੈ, ਨਾ ਕਿ ਦੇਸ਼ ਦੀ ਪ੍ਰਗਤੀ ਨੂੰ ਰੋਕਣ ਵਾਲੀ ਰਾਜਨੀਤੀ ਕਰਨ ਦੀ |