ਮੂਨਕ, 23 ਫਰਵਰੀ (ਕੇਵਲ ਸਿੰਗਲਾ) - ਅਜੋਕੇ ਡਿਜੀਟਲ ਯੁੱਗ ਵਿਚ ਸੋਸ਼ਲ ਮੀਡੀਆ ਕਿਸ਼ੋਰ ਉਮਰ ਦੇ ਬੱਚਿਆਂ ਦੀ ਜ਼ਿੰਦਗੀ ਦਾ ਅਟੁੱਟ ਹਿੱਸਾ ਬਣ ਚੁੱਕੀ ਹੈ | ਮੋਬਾਈਲ ਫ਼ੋਨ ਅਤੇ ਇੰਟਰਨੈੱਟ ਦੀ ਆਸਾਨ ਪਹੁੰਚ ਨੇ ਬੱਚਿਆਂ ਨੂੰ ਵੱਖ-ਵੱਖ ਆਨਲਾਈਨ ਪਲੇਟਫ਼ਾਰਮਾਂ 'ਤੇ ਘੰਟਿਆਂਬੱਧੀ ਸਰਗਰਮ ਰਹਿਣ ਲਈ ਉਤਸ਼ਾਹਿਤ ਕੀਤਾ ਹੈ | ਜਿੱਥੇ ਇਹ ਮਾਧਿਅਮ ਜਾਣਕਾਰੀ, ਸਿੱਖਿਆ ਅਤੇ ਰਚਨਾਤਮਿਕਤਾ ਨੂੰ ਪ੍ਰੋਤਸਾਹਿਤ ਕਰ ਸਕਦਾ ਹੈ, ਉੱਥੇ ਇਸ ਦਾ ਗ਼ਲਤ ਇਸਤੇਮਾਲ ਕਿਸ਼ੋਰਾਂ ਦੇ ਮਾਨਸਿਕ ਅਤੇ ਸਮਾਜਿਕ ਵਿਕਾਸ 'ਤੇ ਗੰਭੀਰ ਅਸਰ ਪਾ ਰਿਹਾ ਹੈ | ਚਿੰਤਾ ਦੀ ਗੱਲ ਇਹ ਹੈ ਕਿ ਅੱਤਵਾਦੀ, ਗੈਂਗਸਟਰ ਅਤੇ ਅਸਮਾਜਿਕ ਤੱਤ ਸੋਸ਼ਲ ਮੀਡੀਆ ਰਾਹੀਂ ਨਾਬਾਲਗਾਂ ਨੂੰ ਨਿਸ਼ਾਨਾ ਬਣਾ ਰਹੇ ਹਨ | ਇਹ ਤੱਤ ਧਾਰਮਿਕ, ਸਮਾਜਿਕ ਜਾਂ ਭਾਵਨਾਤਮਕ ਮਸਲਿਆਂ ਨੂੰ ਤੋੜ-ਮਰੋੜ ਕੇ ਪੇਸ਼ ਕਰਦੇ ਹਨ ਅਤੇ ਨੌਜਵਾਨ ਮਨਾਂ ਵਿਚ ਗ਼ੁੱਸੇ ਅਤੇ ਬਗ਼ਾਵਤ ਦੀ ਭਾਵਨਾ ਪੈਦਾ ਕਰਦੇ ਹਨ | ਹੌਲੀ-ਹੌਲੀ ਮਨੋਵਿਗਿਆਨਕ ਤਰੀਕਿਆਂ ਨਾਲ ਉਨ੍ਹਾਂ ਦਾ 'ਬ੍ਰੇਨ ਵਾਸ਼' ਕਰ ਕੇ ਉਨ੍ਹਾਂ ਨੂੰ ਅਪਰਾਧਿਕ ਗਤੀਵਿਧੀਆਂ ਲਈ ਵਰਤਿਆ ਜਾਂਦਾ ਹੈ, ਜੋ ਸਮਾਜ ਲਈ ਵੱਡਾ ਖ਼ਤਰਾ ਹੈ | ਮਾਹਿਰਾਂ ਦੇ ਅਨੁਸਾਰ, ਲਗਾਤਾਰ ਸੋਸ਼ਲ ਮੀਡੀਆ ਦੇ ਇਸਤੇਮਾਲ ਨਾਲ ਬੱਚਿਆਂ ਵਿਚ ਡਿਪ੍ਰੈਸ਼ਨ, ਚਿੰਤਾ, ਇਕਾਂਤਵਾਦ ਅਤੇ ਨੀਂਦ ਦੀ ਕਮੀ ਵਧ ਰਹੀ ਹੈ | 'ਲਾਇਕ' ਅਤੇ 'ਕਮੈਂਟ' ਦੀ ਦੌੜ ਉਨ੍ਹਾਂ ਦੇ ਆਤਮ-ਵਿਸ਼ਵਾਸ ਨੂੰ ਝਟਕਾ ਪਹੁੰਚਾਉਂਦੀ ਹੈ | ਆਨਲਾਈਨ ਗਰੁੱਪਾਂ, ਗੁਪਤ ਚੈਟ ਰੂਮਾਂ ਅਤੇ ਵੀਡੀਓ ਸਮਗਰੀ ਰਾਹੀਂ ਨੌਜਵਾਨਾਂ ਨੂੰ ਕੱਟੜ ਵਿਚਾਰਧਾਰਾ ਵੱਲ ਧੱਕਿਆ ਜਾਂਦਾ ਹੈ | ਪਹਿਲਾਂ ਦੋਸਤੀ ਅਤੇ ਸਹਿਯੋਗ ਦਾ ਜਾਲ ਬੁਣਿਆ ਜਾਂਦਾ ਹੈ, ਫਿਰ ਉਨ੍ਹਾਂ ਨੂੰ ਪਰਿਵਾਰ ਅਤੇ ਸਮਾਜ ਤੋਂ ਦੂਰ ਕਰ ਕੇ ਇੱਕ ਖ਼ਾਸ ਸੋਚ ਵਿਚ ਫਸਾਇਆ ਜਾਂਦਾ ਹੈ | ਕਈ ਮਾਮਲਿਆਂ ਵਿਚ ਖ਼ਤਰਨਾਕ ਆਨਲਾਈਨ ਚੈਲੇਂਜਾਂ ਜਾਂ ਗ਼ਲਤ ਗਰੁੱਪਾਂ ਦੇ ਦਬਾਅ ਕਾਰਨ ਬੱਚਿਆਂ ਨੂੰ ਖੁਦ-ਨੁਕਸਾਨ ਜਾਂ ਆਤਮਹੱਤਿਆ ਵੱਲ ਵੀ ਉਕਸਾਇਆ ਜਾਂਦਾ ਹੈ | ਇਹ ਹਾਲਾਤ ਮਾਪਿਆਂ ਅਤੇ ਅਧਿਆਪਕਾਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਹਨ | ਵਿਦਵਾਨਾਂ ਦਾ ਮੰਨਣਾ ਹੈ ਕਿ ਮਾਪਿਆਂ ਨੂੰ ਬੱਚਿਆਂ ਨਾਲ ਖੁੱਲ੍ਹੀ ਅਤੇ ਭਰੋਸੇਯੋਗ ਗੱਲਬਾਤ ਬਣਾਈ ਰੱਖਣੀ ਚਾਹੀਦੀ ਹੈ | ਬੱਚਿਆਂ ਦੀ ਆਨਲਾਈਨ ਸਰਗਰਮੀ 'ਤੇ ਸੰਵੇਦਨਸ਼ੀਲ ਅਤੇ ਸਮਝਦਾਰੀ ਨਾਲ ਨਿਗਰਾਨੀ ਕਰਨ ਦੇ ਨਾਲ ਉਨ੍ਹਾਂ ਨੂੰ ਸਹੀ-ਗਲਤ ਦੀ ਪਹਿਚਾਣ ਵੀ ਸਿਖਾਉਣੀ ਲਾਜ਼ਮੀ ਹੈ | ਸੋਸ਼ਲ ਮੀਡੀਆ ਕੰਪਨੀਆਂ ਅਤੇ ਸਰਕਾਰਾਂ ਲਈ ਵੀ ਇਹ ਇੱਕ ਵੱਡੀ ਚੁਨੌਤੀ ਹੈ ਕਿ ਉਕਸਾਉਣ ਵਾਲੀ ਅਤੇ ਭ੍ਰਮਿਤ ਕਰਨ ਵਾਲੀ ਸਮਗਰੀ 'ਤੇ ਸਖ਼ਤ ਨਿਗਰਾਨੀ ਕੀਤੀ ਜਾਵੇ |