ਅਹਿਮਦਗੜ੍ਹ 23 ਫਰਵਰੀ (ਰਣਧੀਰ ਸਿੰਘ ਮਹੋਲੀ) - ਅਹਿਮਦਗੜ੍ਹ ਸ਼ਹਿਰ ਦੇ ਲੋਕ ਅੱਜ ਵੀ ਸਫ਼ਾਈ, ਪੀਣ ਵਾਲੇ ਪਾਣੀ ਅਤੇ ਹੋਰ ਬੁਨਿਆਦੀ ਸੁਵਿਧਾਵਾਂ ਲਈ ਤਰਸ ਰਹੇ ਹਨ | ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਅਮਰਗੜ੍ਹ ਹੀਰਾ ਸਿੰਘ ਅਤੇ ਮੰਡਲ ਪ੍ਰਧਾਨ ਰਾਜਨ ਘਈ ਅਹਿਮਦਗੜ੍ਹ ਨੇ ਕਿਹਾ ਕਿ ਸਮੁੱਚੇ ਹਲਕੇ ਅਮਰਗੜ੍ਹ ਅਤੇ ਅਹਿਮਦਗੜ੍ਹ ਵਿਚ ਮੌਜੂਦਾ ਆਪ ਸਰਕਾਰ ਵਲੋਂ ਸਿਰਫ਼ ਸ਼ੋਸ਼ੇਬਾਜ਼ੀ ਅਤੇ ਨੀਂਹ ਪੱਥਰਾਂ ਦੀ ਰਾਜਨੀਤੀ ਕਰਦੇ ਹੋਏ ਕੇਂਦਰ ਸਰਕਾਰ ਦੀਆਂ ਭੇਜੀਆਂ ਗਰਾਂਟਾਂ ਨੂੰ ਆਪਣੀ ਉਪਲਬਧੀ ਵਜੋਂ ਪੇਸ਼ ਕਰਦੇ ਹੋਏ ਨੀਂਹ ਪੱਥਰ ਰੱਖਣ ਤੱਕ ਸੀਮਿਤ ਰਹਿ ਗਈ ਹੈ, ਜਦਕਿ ਜ਼ਮੀਨੀ ਪੱਧਰ 'ਤੇ ਵਿਕਾਸ ਕੰਮ ਨਾ ਕੇ ਬਰਾਬਰ ਹਨ | ਆਗੂਆਂ ਨੇ ਕਿਹਾ ਸਵਾ ਚਾਰ ਸਾਲ ਬੀਤ ਜਾਣ ਦੇ ਲੰਬੇ ਸਮੇਂ ਦੌਰਾਨ ਅਹਿਮਦਗੜ੍ਹ ਸ਼ਹਿਰ ਦੇ ਕੂੜੇ ਲਈ ਇਕ ਢੰਗ ਦਾ ਡੰਪਿੰਗ ਯਾਰਡ ਤੱਕ ਤਿਆਰ ਨਾ ਕਰ ਸਕਣਾ ਸਰਕਾਰ ਦੀ ਨਾਕਾਮੀ ਦਾ ਸਪਸ਼ਟ ਸਬੂਤ ਹੈ | ਹੀਰਾ ਸਿੰਘ ਅਤੇ ਘਈ ਨੇ ਮੰਗ ਕੀਤੀ ਕਿ ਲੋਕਾਂ ਨਾਲ ਕੀਤੇ ਵਾਅਦਿਆਂ ਦਾ ਸਰਵਜਨਿਕ ਹਿਸਾਬ ਦਿੱਤਾ ਜਾਵੇ ਅਤੇ ਸ਼ਹਿਰ ਦੀਆਂ ਬੁਨਿਆਦੀ ਸਮੱਸਿਆਵਾਂ ਦਾ ਤੁਰੰਤ ਹੱਲ ਕੀਤਾ ਜਾਵੇ |