ਸੰਗਰੂਰ, 27 ਫਰਵਰੀ (ਧੀਰਜ ਪਸ਼ੌਰੀਆ) - ਆਰਟੀਫਿਸ਼ੀਅਲ ਇੰਟੈਲੀਜੈਂਸੀ ਨਾਲ ਡਾਕਟਰਾਂ ਦੀਆਂ ਫ਼ਰਜ਼ੀ ਪਰਚੀਆਂ ਬਣਾਏ ਜਾਣ ਤੋਂ ਚਿੰਤਤ ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ ਕੈਮਿਸਟ ਐਡ ਡਰੱਗਿਸਟ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਅਜਿਹੀਆਂ ਫ਼ਰਜ਼ੀ ਪਰਚੀਆਂ 'ਤੇ ਈ.ਫਾਰਮੇਸੀਆ ਵਲੋਂ ਵੇਚੀਆਂ ਜਾ ਰਹੀਆਂ ਦਵਾਈਆਂ 'ਤੇ ਤੁਰੰਤ ਰੋਕ ਲਗਾਈ ਜਾਵੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸੰਗਰੂਰ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਜਿੰਦਲ, ਜਨਰਲ ਸੈਕਟਰੀ ਰਾਜੀਵ ਜੈਨ ਅਤੇ ਕੈਮਿਸਟ ਐਂਡ ਡਰੱਗਿਸਟ ਐਸੋ. ਸੰਗਰੂਰ ਦੇ ਪ੍ਰਧਾਨ ਬਲਵਿੰਦਰ ਬਬਲਾ ਨੇ ਦੱਸਿਆ ਕਿ ਅਜਿਹੀ ਫ਼ਰਜ਼ੀ ਪਰਚੀਆਂ, ਦਵਾਈਆਂ ਦੀ ਦੁਰਵਰਤੋਂ ਨੂੰ ਉਤਸ਼ਾਹਿਤ ਕਰ ਰਹੀਆਂ ਹਨ ਜੋ ਪਬਲਿਕ ਹੈਲਥ ਲਈ ਗੰਭੀਰ ਖ਼ਤਰਾ ਹਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਫ਼ਰਜ਼ੀ ਪਰਚੀਆਂ ਨਾਲ ਸ਼ਡਿਊਲ ਐਚ ਅਤੇ ਸ਼ਡਿਊਲ ਐਕਸ ਦੀਆਂ ਦਵਾਈਆਂ ਦੀ ਵੀ ਆਨਲਾਈਨ ਵਿੱਕਰੀ ਕੀਤੀ ਜਾ ਰਹੀ ਹੈ | ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿਚ ਮੰਗ ਕੀਤੀ ਗਈ ਹੈ ਕਿ ਪਬਲਿਕ ਹੈਲਥ ਦੀ ਸੁਰੱਖਿਆ ਲਈ ਜੀ.ਐਸ.ਆਰ 817 (ਈ) ਅਤੇ ਜੀ.ਐਸ. ਆਰ 220 (ਈ) ਨੂੰ ਤੁਰੰਤ ਵਾਪਸ ਲਿਆ ਜਾਵੇ ਅਤੇ ਈ.ਫਾਰਮੇਸੀ ਪਲੇਟਫ਼ਾਰਮ ਨੂੰ ਬੰਦ ਕੀਤਾ ਜਾਵੇ | ਨਾਲ ਏ.ਆਈ ਨਾਲ ਤਿਆਰ ਕੀਤੀਆਂ ਜਾ ਰਹੀਆਂ ਡਾਕਟਰਾਂ ਦੀਆਂ ਫ਼ਰਜ਼ੀ ਪਰਚੀਆਂ ਨੂੰ ਗੈਰ-ਕਾਨੂੰਨੀ ਐਲਾਨਿਆ ਜਾਵੇ |