ਸੰਗਰੂਰ, 9 ਮਾਰਚ (ਧੀਰਜ ਪਸ਼ੌਰੀਆ)-ਕੇਂਦਰ ਸਰਕਾਰ ਵਲੋਂ ਖੇਤੀਬਾੜੀ ਕੀਟ ਨਾਸ਼ਕ ਵੇਚਣ ਵਾਲਿਆਂ ਨੂੰ ਮਨੁੱਖੀ ਦਵਾਈਆਂ ਵੇਚਣ ਦੇ ਲਾਇਸੰਸ ਦੇਣ ਦੀ ਤਜਵੀਜ਼ ਦਾ ਆਲ ਇੰਡੀਆ ਆਰਗਾਈਨੇਜੇਸ਼ਨ ਆਫ਼ ਕੈਮਿਸਟ ਐਂਡ ਡਰੱਗਿਸਟ ਨੇ ਤਿੱਖਾ ਵਿਰੋਧ ਕੀਤਾ ਹੈ | ਇਸ ਸਬੰਧੀ ਗੱਲ ਕਰਦਿਆਂ ਸੰਗਰੂਰ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਜਿੰਦਲ, ਜਰਨਲ ਸਕੱਤਰ ਰਾਜੀਵ ਜੈਨ ਅਤੇ ਲੋਕਲ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਬਲਵਿੰਦਰ ਬਬਲਾ ਨੇ ਕਿਹਾ ਕਿ ਖੇਤੀਬਾੜੀ ਕੀਟ ਨਾਸ਼ਕ ਵੇਚਣ ਵਾਲਿਆਂ ਨੂੰ ਮਨੁੱਖੀ ਦਵਾਈਆਂ ਵੇਚਣ ਦੇ ਲਾਇਸੰਸ ਦੇਣਾ ਬਿਲਕੁਲ ਗ਼ਲਤ ਹੈ ਅਤੇ ਇਹ ਗੰਭੀਰ ਚਿੰਤਾ ਦਾ ਮੁੱਦਾ ਹੈ | ਦਵਾਈਆਂ ਜੀਵਨ ਰੱਖਿਅਕ ਹਨ, ਇਨ੍ਹਾਂ ਨੂੰ ਖੇਤੀਬਾੜੀ ਰਸਾਇਣਾਂ ਦੇ ਬਰਾਬਰ ਨਹੀਂ ਮੰਨਿਆ ਜਾ ਸਕਦਾ | ਮਨੁੱਖੀ ਦਵਾਈਆਂ ਦਾ ਵਿਕਰੀ ਹਮੇਸ਼ਾ ਰਜਿਸਟਰਡ ਫਾਰਮਾਸਿਸਟ ਦੀ ਨਿਗਰਾਨੀ ਵਿਚ ਹੁੰਦੀ ਆਈ ਹੈ | ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਵੱਡੀ ਗਿਣਤੀ ਲਾਇਸੰਸ ਪ੍ਰਾਪਤ ਮੈਡੀਕਲ ਸਟੋਰ ਅਤੇ ਰਜਿਸਟਰਡ ਫਾਰਮਾਸਿਸਟ ਉਪਲਬਧ ਹਨ ਤਾਂ ਫਿਰ ਖੇਤੀਬਾੜੀ ਕੀਟਨਾਸ਼ਕ ਵੇਚਣ ਵਾਲਿਆਂ ਨੂੰ ਮਨੁੱਖੀ ਦਵਾਈਆਂ ਵੇਚਣ ਦੇ ਲਾਇਸੈਂਸ ਦੇਣ ਦੀ ਕਿਸੇ ਵੀ ਹਾਲਤ ਵਿਚ ਕੋਈ ਜ਼ਰੂਰਤ ਨਹੀਂ ਹੈ | ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਗੰਭੀਰ ਜੋਖ਼ਮ ਪੈਦਾ ਕਰੇਗਾ | ਇਹ ਸਿੱਧੇ ਤੌਰ ਤੇ ਮਰੀਜ਼ਾਂ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਮੁੱਦਾ ਹੈ | ਉਨ੍ਹਾਂ ਮੰਗ ਕੀਤੀ ਕਿ ਅਜਿਹੀ ਤਜਵੀਜ਼ ਨੂੰ ਤੁਰੰਤ ਰੱਦ ਕੀਤਾ ਜਾਵੇ | ਕੈਮਿਸਟ ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਭਾਰਤੀ ਜਨ ਅÏਸ਼ਧੀ ਕੇਂਦਰ ਕੇਵਲ ਤੇ ਕੇਵਲ ਲਾਇਸੈਂਸ ਪ੍ਰਾਪਤ ਫਾਰਮੇਸੀ ਵਿਚ ਰਜਿਸਟਰਡ ਫਾਰਮਾਸਿਸਟ ਦੀ ਨਿਗਰਾਨੀ ਵਿਚ ਸੰਚਾਲਿਤ ਹੋਵੇ |