ਸੰਗਰੂਰ, 27 ਮਾਰਚ (ਧੀਰਜ ਪਸੌਰੀਆ)-ਦੇਸ਼ ਭਰ ਵਿੱਚ 198 ਦਵਾਈਆਂ ਦੇ ਨਮੂਨਿਆਂ ਦਾ ਫ਼ੇਲ੍ਹ ਹੋਣਾ ਇੱਕ ਬਹੁਤ ਹੀ ਸੰਵੇਦਨਸ਼ੀਲ ਮੁੱਦਾ ਹੈ | ਇਹ ਪ੍ਰਗਟਾਵਾ ਕਰਦਿਆਂ ਸਾਇੰਟੇਫਿਕ ਅਵੇਅਰਨੈੱਸ ਫੋਰਮ ਦੇ ਪ੍ਰਧਾਨ ਡਾ. ਅਮਰਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਦੇਸ਼ ਵਿੱਚ ਦਵਾਈਆਂ ਦੀ ਗੁਣਵੱਤਾ ਨੂੰ ਲੈ ਕੇ ਸਥਿਤੀ ਚਿੰਤਾਜਨਕ ਹੈ | ਦੇਸ਼ ਦੇ ਵੱਖ ਵੱਖ ਰਾਜਾਂ ਵਿੱਚ ਬਣੀਆਂ ਕੁੱਲ 198 ਦਵਾਈਆਂ ਦੇ ਸੈਂਪਲ ਫ਼ੇਲ੍ਹ ਪਾਏ ਗਏ ਹਨ, ਇਹਨਾਂ ਵਿੱਚੋਂ ਸਭ ਤੋਂ ਵੱਧ 73 ਦਵਾਈਆਂ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਬਣੀਆਂ ਹੋਈਆਂ ਹਨ | ਡਾ ਮਾਨ ਨੇ ਕਿਹਾ ਕਿ ਜਿਨ੍ਹਾਂ ਦਵਾਈਆਂ ਦੇ ਨਮੂਨੇ ਫ਼ੇਲ੍ਹ ਹੋਏ ਹਨ ਉਨ੍ਹਾਂ ਵਿੱਚ ਜ਼ਿਆਦਾ ਦਵਾਈਆਂ ਦਿਲ ਦੀਆਂ ਬਿਮਾਰੀਆਂ, ਮਿਰਗੀ, ਬਲੱਡ ਪ੍ਰੈਸ਼ਰ, ਸ਼ੂਗਰ ਆਦਿ ਦੇ ਮਰੀਜ਼ਾਂ ਵੱਲੋਂ ਵਰਤੀਆਂ ਜਾਂਦੀਆਂ ਹਨ! ਇਸ ਕਾਰਨ ਇਹ ਬਹੁਤ ਹੀ ਸੰਵੇਦਨਸ਼ੀਲ ਮੁੱਦਾ ਹੈ | ਅਜਿਹੀਆਂ ਰਿਪੋਰਟਾਂ ਆਉਣ ਤੋਂ ਬਾਅਦ ਮਰੀਜ਼ਾਂ ਅਤੇ ਲੋਕਾਂ ਵਿੱਚ ਚਿੰਤਾ ਦਾ ਪੈਦਾ ਹੋਣਾ ਸੁਭਾਵਿਕ ਹੈ | ਇਸ ਤਰ੍ਹਾਂ ਦਾ ਹੋਣਾ ਦਵਾਈਆਂ ਦੀ ਗੁਣਵੱਤਾ ਅਤੇ ਇਹਨਾਂ ਦੀ ਨਿਗਰਾਨੀ ਪ੍ਰਣਾਲੀ ਉੱਤੇ ਸਵਾਲੀਆ ਨਿਸ਼ਾਨ ਲਗਾਉਂਦਾ ਹੈ | ਡਾ. ਮਾਨ ਨੇ ਕਿਹਾ ਕਿ ਇਸ ਸਬੰਧ ਵਿੱਚ ਜ਼ਿੰਮੇਵਾਰ ਵਿਭਾਗ ਨੂੰ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਨਿਭਾਉਣੀ ਚਾਹੀਦੀ ਹੈ ਅਤੇ ਕੁਤਾਹੀ ਬਰਤਨ ਵਾਲੇ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ |