-ਮੁੱਦਾ ਅਧਿਆਪਕਾਂ ਦੀ ਸੇਵਾ ਸੁਰੱਖਿਆ ਲਈ ਵਿਧਾਨ ਸਭਾ ਵਿੱਚ ਬਿੱਲ ਨਾ ਲਿਆਉਣ ਅਤੇ ਸੁਪਰੀਮ ਕੋਰਟ ਵਿੱਚ ਰੀਵਿਊ ਪਟੀਸ਼ਨ ਦਾਖ਼ਲ ਨਾ ਕਰਨ ਦਾ-
ਸੰਗਰੂਰ, 6 ਅਪ੍ਰੈਲ (ਧੀਰਜ ਪਸ਼ੋਰੀਆ)-ਸਾਂਝਾ ਅਧਿਆਪਕ ਮੋਰਚਾ ਅਤੇ ਅਧਿਆਪਕ ਜਥੇਬੰਦੀਆਂ ਨੇ ਪੰਜਾਬ ਸਰਕਾਰ ਵੱਲੋਂ ਵਾਅਦਾ ਖ਼ਿਲਾਫ਼ੀ ਕਰਨ 'ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੁੱਖ ਗੇਟ ਅੱਗੇ ਪੰਜਾਬ ਸਰਕਾਰ ਦੀ ਅਰਥੀ ਫ਼ੂਕ ਕੇ ਨਾਅਰੇਬਾਜ਼ੀ ਕੀਤੀ | ਵੱਡੀ ਗਿਣਤੀ ਵਿੱਚ ਇਕੱਠੇ ਹੋਏ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਅਧਿਆਪਕ ਆਗੂ ਦੇਵੀ ਦਿਆਲ, ਕਿ੍ਸ਼ਨ ਸਿੰਘ ਦੁੱਗਾਂ, ਸੁਖਵਿੰਦਰ ਸਿੰਘ ਗਿਰ, ਦਾਤਾ ਸਿੰਘ, ਅਵਤਾਰ ਸਿੰਘ ਭਲਵਾਨ, ਵਰਿੰਦਰਜੀਤ ਸਿੰਘ ਬਜਾਜ ਨੇ ਕਿਹਾ ਕਿ ਅਧਿਆਪਕ ਜਥੇਬੰਦੀਆਂ ਨਾਲ ਸਿੱਖਿਆ ਮੰਤਰੀ ਪੰਜਾਬ ਵੱਲੋਂ ਅਧਿਆਪਕਾਂ ਦੀ ਸੇਵਾ ਸੁਰੱਖਿਆ ਲਈ ਟੈੱਟ ਸਬੰਧੀ ਪੰਜਾਬ ਵਿਧਾਨ ਸਭਾ ਵਿੱਚ ਬਿੱਲ ਲਿਆਉਣ ਅਤੇ ਸੁਪਰੀਮ ਕੋਰਟ ਵਿੱਚ ਰੀਵਿਊ ਪਟੀਸ਼ਨ ਦਰਜ ਕਰਨ ਦਾ ਵਾਅਦਾ ਕੀਤਾ ਗਿਆ ਸੀ ਜਿਹੜਾ ਵਫ਼ਾ ਨਹੀਂ ਹੋਇਆ | ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਵੱਲੋਂ ਵਿਧਾਨ ਸਭਾ ਵਿੱਚ ਟੈੱਟ ਸਬੰਧੀ ਕੋਈ ਚਰਚਾ ਨਾ ਕਰ ਕੇ ਕੀਤੇ ਵਾਅਦੇ ਨੂੰ ਤੋੜਿਆ ਹੈ, ਜਿਸ ਦੀ ਆਗੂਆਂ ਵੱਲੋਂ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ | ਇਸ ਸਮੇਂ ਆਗੂਆਂ ਨੇ ਮੰਗ ਕੀਤੀ ਕਿ ਰਾਜ ਸਭਾ ਵਿੱਚ ਸੰਸਦ ਮੈਂਬਰ ਜੌਹਨ ਬਿਰਟਾਸ (ਸੀ.ਪੀ.ਆਈ.ਐੱਮ.) ਵੱਲੋਂ ਅਧਿਆਪਕਾਂ ਦੀ ਸੇਵਾ ਸੁਰੱਖਿਆ ਲਈ ਪੇਸ਼ ਕੀਤੇ ਪ੍ਰਾਈਵੇਟ ਬਿੱਲ ਨੂੰ ਤੁਰੰਤ ਪਾਸ ਕੀਤਾ ਜਾਵੇ | ਇਸ ਸਮੇਂ ਆਗੂਆਂ ਨੇ ਪੰਜਾਬ ਸਰਕਾਰ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਸਰਕਾਰ ਨੇ ਪੰਜਾਬ ਦੇ ਲੱਖਾਂ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦਾ ਵਾਅਦਾ ਵੀ ਪੂਰਾ ਨਹੀਂ ਕੀਤਾ ਅਤੇ ਨਾ ਹੀ ਮੁਲਾਜ਼ਮਾਂ ਦਾ 16% ਪਿਛਲਾ ਮਹਿੰਗਾਈ ਭੱਤਾ ਲਾਗੂ ਕੀਤਾ ਹੈ ਸਗੋਂ ਉਲਟਾ ਪੰਜਾਬ ਸਰਕਾਰ ਮਾਨਯੋਗ ਹਾਈਕੋਰਟ ਵਿੱਚ ਮਹਿੰਗਾਈ ਭੱਤਾ ਦੇਣ ਤੋਂ ਮੁਨਕਰ ਹੋਣ ਦਾ ਘੋਸ਼ਣਾ ਪੱਤਰ ਪੇਸ਼ ਕਰ ਰਹੀਂ ਹੈ | ਇਸ ਸਮੇਂ ਆਗੂਆਂ ਨੇ ਮੰਗ ਕੀਤੀ ਕਿ ਅਧਿਆਪਕਾਂ ਦੀਆਂ ਵਿੱਤੀ ਮੰਗਾਂ ਤੁਰੰਤ ਪੂਰੀਆਂ ਕੀਤੀਆਂ ਜਾਣ ਅਤੇ ਗੈਰ ਵਿੱਦਿਅਕ ਡਿਊਟੀਆਂ ਖ਼ਤਮ ਕੀਤੀਆਂ ਜਾਣ | ਇਸ ਮੌਕੇ ਹਰੀਸ਼ ਕੁਮਾਰ, ਜਸਵੀਰ ਸਿੰਘ, ਸੁਖਜਿੰਦਰ ਸਿੰਘ, ਰਮਨਦੀਪ ਗੋਇਲ, ਰਘਵੀਰ ਭਵਾਨੀਗੜ੍ਹ, ਕਮਲਜੀਤ ਸਿੰਘ, ਫਕੀਰ ਸਿੰਘ ਟਿੱਬਾ, ਸਤੀਸ਼ ਕੁਮਾਰ, ਪਵਨ ਕੁਮਾਰ, ਸੁਰਿੰਦਰਜੀਤ ਚੰਨੋ, ਮੇਘਰਾਜ, ਜਰਨੈਲ ਸਿੰਘ, ਜਤਿੰਦਰ ਸਿੰਘ, ਦਲਜੀਤ ਸਿੰਘ ਸਫੀਪੁਰ, ਬਲਜੀਤ ਸਿੰਘ, ਸਤਨਾਮ ਸਿੰਘ, ਨਿਰਮਲ ਸਿੰਘ, ਭਗਵੰਤ ਸਿੰਘ, ਭਰਾਤਰੀ ਜਥੇਬੰਦੀਆਂ ਵੱਲੋਂ ਮਾਲਵਿੰਦਰ ਸਿੰਘ ਸੰਧੂ, ਜੁਝਾਰ ਸਿੰਘ ਲੌਂਗੋਵਾਲ, ਸਰਬਜੀਤ ਸਿੰਘ ਪੁੰਨਾਵਾਲ ਅਤੇ ਕਮਲਜੀਤ ਸਿੰਘ ਮੌਜੂਦ ਸਨ |