ਭਵਾਨੀਗੜ੍ਹ, 6 ਅਪ੍ਰੈਲ, (ਰਣਧੀਰ ਸਿੰਘ ਫੱਗੂਵਾਲਾ)-ਸਥਾਨਕ ਟਰੱਕ ਯੂਨੀਅਨ ਦੇ ਹਿਸਾਬ ਕਿਤਾਬ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਵਿਵਾਦ ਅੱਜ ਉਸ ਸਮੇਂ ਖ਼ਤਮ ਹੋ ਗਿਆ, ਜਦੋਂ ਯੂਨੀਅਨ ਦੀ ਪ੍ਰਧਾਨਗੀ ਦੀ ਚੋਣ ਲੜਨ ਦੇ ਚਾਹਵਾਨਾਂ ਅਤੇ ਸਾਬਕਾ ਪ੍ਰਧਾਨਾਂ ਨਾਲ ਡੀ.ਐੱਸ.ਪੀ ਰਾਹੁਲ ਕੌਸ਼ਲ ਦੇ ਮੀਟਿੰਗ ਕਰਨ ਉਪਰੰਤ ਮੌਜੂਦਾ ਪ੍ਰਧਾਨ ਜਤਿੰਦਰ ਸਿੰਘ ਵਿੱਕੀ ਬਾਜਵਾ ਨੇ 11 ਅਪ੍ਰੈਲ ਨੂੰ ਯੂਨੀਅਨ ਦਾ ਹਿਸਾਬ ਕਿਤਾਬ ਦੇਣ ਦਾ ਐਲਾਨ ਕੀਤਾ | ਇਸ ਸਬੰਧੀ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪਿਛਲੇ ਕੁਝ ਸਮੇਂ ਤੋਂ ਹਲਕਾ ਵਿਧਾਇਕ ਦੀ ਮਰਜ਼ੀ ਅਨੁਸਾਰ ਹੀ ਯੂਨੀਅਨ ਦਾ ਪ੍ਰਧਾਨ ਬਣਾਇਆ ਜਾਂਦਾ ਸੀ, ਜਿਸ ਨਾਲ ਟਰੱਕ ਅਪਰੇਟਰਾਂ ਵਿਚ ਮੌਜੂਦਾ ਆਗੂਆਂ ਪ੍ਰਤੀ ਇਹ ਗਿਲਾ ਰਹਿੰਦਾ ਸੀ, ਕਿ ਪ੍ਰਧਾਨ ਲਿਫ਼ਾਫ਼ਾ ਸਿਸਟਮ ਦਾ ਨਾਲ ਬਣਦਾ ਹੈ, ਇੱਥੋਂ ਤੱਕ ਕਿ ਮੌਜੂਦਾ ਸਰਕਾਰ ਦੇ ਵਿਧਾਇਕ ਜਾਂ ਮੰਤਰੀ ਦੇ ਨੇੜਲੇ ਰਹਿਣ ਵਾਲਿਆਂ ਨੂੰ ਹੀ ਪ੍ਰਧਾਨ ਥਾਪਿਆਂ ਜਾਂਦਾ ਸੀ, ਇਸ ਸਬੰਧੀ ਪਿਛਲੇ ਸਾਲ ਕਾਫ਼ੀ ਵੱਡਾ ਵਿਵਾਦ ਹੀ ਹੋਇਆ ਸੀ, ਜਿਸ ਵਿਚ ਪ੍ਰਧਾਨ ਬਨਣ ਦੇ ਚਾਹਵਾਨ ਇਕ ਵਿਅਕਤੀ ਵੱਲੋਂ ਚੋਣ ਸਮੇਂ ਜ਼ਹਿਰੀਲੀ ਵਸਤੂ ਵੀ ਨਿਗਲ ਲਈ ਸੀ | ਇਸ ਵਾਰ ਦੀ ਚੋਣ ਜੋ ਟਰੱਕ ਅਪਰੇਟਰਾਂ ਮੁਤਾਵਿਕ ਹਰ ਸਾਲ ਫਰਵਰੀ ਦੇ ਅਖੀਰ ਵਿਚ ਹੋ ਜਾਂਦੀ ਸੀ, ਦੇ 2 ਮਹੀਨੇ ਜ਼ਿਆਦਾ ਲੰਘ ਜਾਣ ਕਾਰਨ ਚੋਣ ਲੜਨ ਦਾ ਚਾਹਵਾਨਾਂ ਵਿਚ ਬੇਚੈਨੀ ਪਾਈ ਜਾ ਰਹੀ ਸੀ, ਜਿਸ ਨੂੰ ਲੈ ਕੇ ਟਰੱਕ ਯੂਨੀਅਨ ਦੀ ਪੁਕਾਰ ਸਮੇਂ ਵਿਵਾਦ ਹੁੰਦਾ ਰਿਹਾ, ਇੱਥੋਂ ਤੱਕ ਕਿ ਕੁੱਝ ਟਰੱਕ ਅਪਰੇਟਰਾਂ ਨੇ ਸੰਘਰਸ਼ ਕਰਨਾ ਵੀ ਸ਼ੁਰੂ ਕਰ ਦਿੱਤਾ ਸੀ | ਇਸ ਸਬੰਧੀ ਸਾਬਕਾ ਪ੍ਰਧਾਨ ਹਰਜੀਤ ਸਿੰਘ ਬੀਟਾ ਅਤੇ ਗੁਰਪ੍ਰੀਤ ਸਿੰਘ ਫੱਗੂਵਾਲਾ ਨੇ ਦੱਸਿਆ ਕਿ ਇਸ ਵਾਰ ਦੀ ਚੋਣ ਨੂੰ ਲੈ ਕੇ ਲੰਘੇ ਦਿਨੀ ਵਿਧਾਇਕਾ ਨਰਿੰਦਰ ਕੌਰ ਭਰਾਜ ਨਾਲ ਹਰਜੀਤ ਸਿੰਘ ਬੀਟਾਂ ਤੋਂ ਇਲਾਵਾ ਲਖਵਿੰਦਰ ਸਿੰਘ ਲੱਖਾ ਫੱਗੂਵਾਲਾ, ਗੁਰਪ੍ਰੀਤ ਸਿੰਘ ਫੱਗੂਵਾਲਾ, ਜੱਗੀ ਨੰਦਗੜ੍ਹ, ਬਿੰਦਰ ਘਰਾਚੋਂ, ਰਣਜੀਤ ਸਿੰਘ ਕਾਲਾ ਚਹਿਲ, ਗੁਰਪ੍ਰੀਤ ਸਿੰਘ ਬਾਲਦਕਲ੍ਹਾਂ ਅਤੇ ਹੋਰ ਆਗੂਆਂ ਨੇ ਮੀਟਿੰਗ ਕੀਤੀ, ਇਸ ਮੀਟਿੰਗ ਵਿਚ ਉਕਤ ਆਗੂਆਂ ਅਨੁਸਾਰ ਬੀਬਾ ਭਰਾਜ ਨੇ ਨਿਰਪੱਖ਼ ਹੋਣ ਕਰਾਉਣ ਦਾ ਭਰੋਸਾ ਦਿੱਤਾ ਅਤੇ ਅੱਜ ਡੀ.ਐੱਸ.ਪੀ ਰਾਹੁਲ ਕੌਸ਼ਲ ਦੇ ਦਫ਼ਤਰ ਹੋਈ ਮੀਟਿੰਗ ਜਿਸ ਵਿਚ ਉਕਤ ਆਗੂਆਂ ਤੋਂ ਇਲਾਵਾ ਮਾਲਵਿੰਦਰ ਸਿੰਘ ਮਾਲਾ ਝਨੇੜੀ, ਲਵਲੀ ਕਾਕੜਾ ਅਤੇ ਮੌਜੂਦਾ ਪ੍ਰਧਾਨ ਜਤਿੰਦਰ ਸਿੰਘ ਵਿੱਕੀ ਬਾਜਵਾ ਵੀ ਸ਼ਾਮਿਲ ਸਨ, ਨਾਲ ਗੱਲਬਾਤ ਕਰਦਿਆਂ 11 ਅਪ੍ਰੈਲ ਨੂੰ ਯੂਨੀਅਨ ਦਾ ਹਿਸਾਬ-ਕਿਤਾਬ ਦੇਣ ਉਪਰੰਤ ਉਸੇ ਦਿਨ ਚੋਣ ਦੀ ਤਾਰੀਖ਼ ਮਿਥਣ ਦਾ ਵੀ ਐਲਾਨ ਕੀਤਾ ਗਿਆ | ਇਹ ਵੀ ਦੱਸਣਯੋਗ ਹੈ, ਇਸ ਵਾਰ ਚੋਣ ਲੜਨ ਵਾਲੇ ਕਰੀਬ ਅੱਧੀ ਦਰਜ਼ਨ ਤੋਂ ਵੱਧ ਦੱਸੇ ਜਾ ਰਹੇ ਹਨ, ਇਸ ਚੋਣ ਨੂੰ ਲੈ ਕੇ ਹੁਣੇ ਤੋਂ ਸਰਗਰਮੀਆਂ ਸ਼ੁਰੂ ਕਰਦਿਆਂ ਕਈ ਆਗੂਆਂ ਵੱਲੋਂ ਜੋੜ ਤੋੜ ਦੀ ਨੀਤੀ ਵੀ ਅਪਣਾਈ ਜਾ ਰਹੀ ਹੈ |