ਸੰਗਰੂਰ, 6 ਅਪ੍ਰੈਲ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਕਿਸਾਨ ਜਥੇਬੰਦੀਆਂ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਾਹਰ ਰੋਸ ਪ੍ਰਦਸ਼ਨ ਕੀਤਾ ਗਿਆ | ਧਰਨੇ ਨੂੰ ਬੀ.ਕੇ.ਯੂ. ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆ, ਬੀ.ਕੇ.ਯੂ. ਡਕੌਦਾ ਬੁਰਜਗਿੱਲ ਦੇ ਗੁਰਮੀਤ ਸਿੰਘ ਭੱਟੀਵਾਲ, ਰਾਜੇਵਾਲ ਦੇ ਗੁਰਮੀਤ ਸਿੰਘ ਕਪਿਆਲ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਭੁਪਿੰਦਰ ਸਿੰਘ ਲੌਂਗੋਵਾਲ, ਕੁੱਲ ਹਿੰਦ ਕਿਸਾਨ ਫੈਡਰੇਸ਼ਨ ਦੇ ਐਡਵੋਕੇਟ ਕਿਰਨਜੀਤ ਸਿੰਘ ਸੇਖੋਂ, ਜਮਹੂਰੀ ਕਿਸਾਨ ਸਭਾ ਦੇ ਊਦਮ ਸਿੰਘ ਸੰਤੋਖਪੁਰਾ, ਅਮਰੀਕ ਸਿੰਘ ਕਾਂਝਲਾ, ਪੰਜਾਬ ਕਿਸਾਨ ਯੂਨੀਅਨ ਦੇ ਸਵਰਨ ਸਿੰਘ ਨਵਾਂ ਗਾਊ, ਡਕੌਦਾ ਧਨੇਰ ਦੇ ਕਰਮਜੀਤ ਸਿੰਘ ਛੰਨਾ, ਔਰਤ ਆਗੂ ਬੀਬੀ ਜਸਵੀਰ ਕੌਰ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਕਿਸਾਨੀ ਮਸਲਿਆਂ ਪ੍ਰਤੀ ਦੁਸ਼ਮਣ ਵਾਲਾ ਵਤੀਰਾ ਆਪਣਾ ਰਹੀਆਂ ਹਨ | ਕਿਸਾਨਾਂ ਦੀ ਫ਼ਸਲਾਂ ਨੂੰ ਵਪਾਰੀ ਦੋਵੇਂ ਹੱਥੀ ਲੁੱਟ ਰਹੇ ਹਨ | ਸਰਕਾਰਾਂ ਵਾਅਦੇ ਪੂਰੇ ਕਰਨ ਦੇ ਬਾਵਜੂਦ ਫ਼ਸਲਾਂ ਦੀ ਘਟੋਂ ਘੱਟ ਸਮਰਥਨ ਮੁੱਲ ਉੱਤੇ ਖ਼ਰੀਦੀ ਯਕੀਨੀ ਨਹੀਂ ਬਣਾ ਰਹੀ ਹੈ | ਆਗੂਆਂ ਨੇ ਮੰਗ ਕੀਤੀ ਕਿ ਕਿਸਾਨੀ ਕਰਜ਼ੇ ਉੱਤੇ ਲਕੀਰ ਮਾਰੀ ਜਾਵੇ, ਬਿਜਲੀ ਬਿੱਲ 2025 ਰੱਦ ਕੀਤਾ ਜਾਵੇ, ਸਮਾਰਟ ਮੀਟਰ ਲਗਾਉਣੇ ਬੰਦ ਕੀਤੇ ਜਾਣ ਅਤੇ ਪੰਜਾਬ ਦੇ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਦਾ ਕੀਤਾ ਜਾਵੇ | ਆਗੂਆਂ ਨੇ ਉਪਰੋਕਤ ਮੰਗਾਂ ਲਈ ਸੰਘਰਸ਼ ਜਾਰੀ ਰੱਖਣ ਦਾ ਸੰਕਲਪ ਵੀ ਲਿਆ | ਇਸ ਮੌਕੇ ਜ਼ਿਲ੍ਹਾ ਅਧਿਕਾਰੀ ਰਾਹੀ ਗਵਰਨਰ ਨੂੰ ਮੰਗ-ਪੱਤਰ ਵੀ ਭੇਜਿਆ ਗਿਆ | ਧਰਨੇ ਨੂੰ ਕਰਮ ਸਿੰਘ ਬਲਿਆਲ, ਕੁਲਵਿੰਦਰ ਸਿੰਘ ਮਾਝਾ, ਇੰਦਰਪਾਲ ਸਿੰਘ ਪੁੰਨਾਵਾਲ, ਜਰਨੈਲ ਸਿੰਘ ਜਹਾਂਗੀਰ, ਜਨਕ ਸਿੰਘ ਭੁਟਾਲ, ਜਗਤਾਰ ਸਿੰਘ ਦੁੱਗਾ, ਹਰਮੇਲ ਸਿੰਘ ਮਹਿਰੋਕ ਅਤੇ ਜੰਗ ਸਿੰਘ ਕਾਂਝਲੀ ਨੇ ਵੀ ਵਿਚਾਰ ਰੱਖੇ |