ਸੰਗਰੂਰ, 7 ਅਪ੍ਰੈਲ (ਅਮਨਦੀਪ ਸਿੰਘ ਬਿੱਟਾ)-ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਪ੍ਰਮੁੱਖ ਜਥੇਬੰਦੀਆਂ ਦੇ ਸਾਂਝੇ ਫ਼ਰੰਟ ਪੀ. ਐਸ. ਈ .ਬੀ ਇੰਪਲਾਈਜ਼ ਜੁਆਇੰਟ ਫੋਰਮ ਪੰਜਾਬ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰ, ਗਰਿੱਡ ਸਬ ਸਟੇਸ਼ਨ ਇੰਪਲਾਈਜ਼ ਯੂਨੀਅਨ, ਪਾਵਰਕਾਮ ਐਂਡ ਟਰਾਸਕੋ ਪੈਨਸ਼ਨ ਯੂਨੀਅਨ ਏਟਕ ਪੰਜਾਬ, ਪੈਨਸ਼ਨ ਵੈੱਲਫੇਅਰ ਐਸੋਸੀਏਸ਼ਨ ਪਹਿਲਵਾਨ ਨਾਲ ਸਬੰਧਿਤ ਆਗੂਆਂ ਨੇ ਸਾਂਝਾ ਪੈੱ੍ਰਸ ਜਾਰੀ ਕਰ ਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੋਸ਼ਲ ਮੀਡੀਆ 'ਚ ਬਿਜਲੀ ਮੁਲਾਜ਼ਮਾਂ ਬਾਰੇ ਕੀਤੀਆਂ ਅਪਮਾਨਜਨਕ ਟਿੱਪਣੀਆਂ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ | ਜਥੇਬੰਦੀਆਂ ਦੇ ਸੂਬਾ ਆਗੂ ਕੁਲਵਿੰਦਰ ਸਿੰਘ ਢਿੱਲੋਂ, ਸੂਬਾ ਆਗੂ ਦਵਿੰਦਰ ਸਿੰਘ ਪਸੌਰ, ਸੂਬਾ ਆਗੂ ਪੂਰਨ ਸਿੰਘ ਖਾਈ ਨੇ ਕਿਹਾ ਕਿ ਪੰਜਾਬ ਦਾ ਬਿਜਲੀ ਢਾਂਚਾ ਖੜ੍ਹਾ ਕਰਦਿਆਂ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਂਦਿਆਂ ਸੈਂਕੜੇ ਬਿਜਲੀ ਮੁਲਾਜ਼ਮਾਂ ਨੇ ਆਪਣੀਆਂ ਕੀਮਤੀ ਜਾਨਾਂ ਗਵਾਈਆਂ ਹਨ ਅੱਜ ਵੀ ਪੰਜਾਹ ਹਜ਼ਾਰ ਅਸਾਮੀਆਂ ਖ਼ਾਲੀ ਹੋਣ ਕਰਕੇ ਬਹੁਤ ਘੱਟ ਸਟਾਫ਼ ਹੋਣ ਦੇ ਬਾਵਜੂਦ ਦਿਨੋਂ ਦਿਨ ਵਧਦੇ ਜਾ ਰਹੇ ਕੰਮ ਦੇ ਦਬਾਅ ਹੇਠ ਬਿਜਲੀ ਮੁਲਾਜ਼ਮ ਲਗਾਤਾਰ ਹਾਦਸਿਆਂ ਦੇ ਸ਼ਿਕਾਰ ਹੋ ਰਹੇ ਹਨ ਅਤੇ ਕੀਮਤੀ ਜਾਨਾਂ ਤੋਂ ਹੱਥ ਧੋ ਰਹੇ ਹਨ ਕੁਝ ਜ਼ਿੰਦਗੀ ਭਰ ਲਈ ਅਪਾਹਜ ਹੋ ਕੇ ਪਰਿਵਾਰਾਂ ਤੇ ਬੋਝ ਬਣ ਰਹੇ ਹਨ | ਇਸ ਬਾਰੇ ਪਾਵਰ ਦੀ ਮੈਨੇਜਮੈਂਟ, ਪੰਜਾਬ ਸਰਕਾਰ ਨੇ ਕਦੇ ਵੀ ਸੰਜੀਦਗੀ ਨਾਲ ਵਿਚਾਰ ਨਹੀਂ ਕੀਤਾ ਪਰ ਦੁੱਖ ਦੀ ਗੱਲ ਇਹ ਹੈ ਕਿ ਸੂਬੇ ਦੇ ਮੁੱਖ ਮੰਤਰੀ ਪਾਵਰਕਾਮ ਤੇ ਟਰਾਂਸਕੋ ਕਾਰਪੋਰੇਸ਼ਨਾਂ ਦੇ ਮਾੜੇ ਪ੍ਰਬੰਧਾਂ ਨੂੰ ਠੀਕ ਕਰਨ ਲਈ ਲੋੜੀਂਦੀ ਮਾਤਰਾ 'ਚ ਨਾ ਤਾਂ ਰੈਗੂਲਰ ਭਰਤੀ ਕਰ ਰਹੇ ਹਨ ਤੇ ਨਾ ਹੀ ਤਕਨੀਕ ਦੇ ਯੁੱਗ ਵਿੱਚ ਕੰਮ ਕਰਨ ਲਈ ਆਧੁਨਿਕ ਸਾਜੋ ਸਮਾਨ ਦੀ ਖ਼ਰੀਦ ਬਾਰੇ ਵਿਚਾਰ ਕਰ ਰਹੇ ਹਨ | ਆਗੂਆਂ ਨੇ ਪਾਵਰਕਾਮ ਤੇ ਟਰਾਂਸਕੋ ਦੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਤੇ ਬਿਜਲੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਜਾਇਜ਼ ਮੰਗਾਂ ਨੂੰ ਜਾਣ ਬੁੱਝ ਕੇ ਲਮਕਾ ਅਵਸਥਾ ਵਿੱਚ ਰੱਖਣ ਦੇ ਦੋਸ਼ ਲਾਉਂਦਿਆਂ ਰੋਸ ਵਜੋਂ 10 ਅਪ੍ਰੈਲ ਨੂੰ ਮੁੱਖ ਦਫ਼ਤਰ ਪਟਿਆਲਾ ਅੱਗੇ ਰੋਸ ਧਰਨਾ ਲਗਾ ਕੇ ਪਾਵਰ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਖ਼ਿਲਾਫ਼ ਬਿਜਲੀ ਕਾਮਿਆਂ ਨੂੰ ਵਹੀਰਾਂ ਘੱਤਕੇ ਪਟਿਆਲਾ ਪਹੁੰਚਣ ਦਾ ਸੱਦਾ ਦਿੱਤਾ ਗਿਆ | ਜੀਵਨ ਸਿੰਘ ਦੇ ਮੰਚ ਸੰਚਾਲਨ ਦੌਰਾਨ ਇਸ ਕਨਵੈੱਨਸ਼ਨ ਦੀ ਸਾਂਝੀ ਪ੍ਰਧਾਨਗੀ ਬਿਕਰਮਜੀਤ ਸਿੰਘ ਸਰਕਲ ਆਗੂ, ਜਸਵਿੰਦਰ ਸਿੰਘ ਜੱਸਾ ਸਰਕਲ ਪ੍ਰਧਾਨ, ਲਖਵਿੰਦਰ ਸਿੰਘ ਸਰਕਲ ਪ੍ਰਧਾਨ, ਗਗਨਦੀਪ ਸਿੰਘ ਸਰਕਲ ਪ੍ਰਧਾਨ ਨੇ ਸਾਂਝੇ ਤੌਰ ਤੇ ਕੀਤੀ | ਅੱਜ ਦੀ ਕਨਵੈੱਨਸ਼ਨ ਨੂੰ ਸਰਕਲ ਸੰਗਰੂਰ ਦੇ ਅਜੀਤ ਸਿੰਘ ਪਾਤੜਾਂ, ਗੁਰਸ਼ੈਬਰ ਸਿੰਘ ਪਸੌਰ, ਕਿਸ਼ਨ ਕਾਂਤ, ਜਬਲਾ ਸਿੰਘ ਸਰਕਲ ਪ੍ਰਧਾਨ, ਫਲਜੀਤ ਸਿੰਘ ਸਾਬਕਾ ਸੂਬਾ ਪ੍ਰਧਾਨ, ਜਸਵੀਰ ਸਿੰਘ ਲਹਿਰਾ, ਨਿਰਭੈ ਸਿੰਘ ਸਰਕਲ ਆਗੂ, ਗਗਨਦੀਪ ਸਿੰਘ ਜ਼ੋਨ ਆਗੂ, ਚੰਦ ਸਿੰਘ ਪੈਨਸ਼ਨਰ ਆਗੂ, ਗੁਰਮੁਖ ਸਿੰਘ ਪੈਨਸ਼ਨਰ ਆਗੂ, ਅਜੈ ਕੁਮਾਰ ਜ਼ੋਨ ਆਗੂ ਅਤੇ ਜਗਸੀਰ ਸਿੰਘ ਆਦਿ ਬਲਾਰਿਆਂ ਨੇ ਕਨਵੈੱਨਸ਼ਨ ਨੂੰ ਸੰਬੋਧਨ ਕੀਤਾ |