ਖਨੌਰੀ, 7 ਅਪ੍ਰੈਲ (ਬਲਵਿੰਦਰ ਸਿੰਘ ਥਿੰਦ) - ਖਨੌਰੀ ਦੇ ਨੇੜਲੇ ਪਿੰਡ ਕਰੋਦਾ ਵਿਖੇ ਬਾਬਾ ਜੀਰਮ ਨਾਥ ਮੰਦਰ ਵੱਲੋਂ ਕਰਵਾਏ ਗਏ ਪਹਿਲੇ ਕੁਸ਼ਤੀ ਦੰਗਲ ਦੌਰਾਨ ਕਰਵਾਏ ਗਏ ਕੁਸ਼ਤੀ ਮੁਕਾਬਲਿਆਂ ਵਿੱਚ 22 ਕਿੱਲੋ ਵਰਗ ਵਿੱਚ ਵਿਨੀਤ, 25 ਕਿੱਲੋ ਵਰਗ ਵਿੱਚ ਅਰਪਿਤ, 28 ਕਿੱਲੋ ਵਰਗ ਵਿੱਚ ਸੰਗਮ ਨੇ ਅਤੇ 32 ਕਿੱਲੋ ਵਰਗ ਵਿੱਚ ਸਿਵੀ ਨੇ ਪਹਿਲਾ ਸਥਾਨ ਹਾਸਲ ਕੀਤਾ | ਪਿੰਡ ਕਰੋਦਾ ਵਿਖੇ ਬੜੀ ਧੂਮਧਾਮ ਨਾਲ ਕਰਵਾਏ ਗਏ ਇਸ ਦੰਗਲ ਵਿੱਚ 22 ਕਿੱਲੋ, 25 ਕਿੱਲੋ, 28 ਕਿੱਲੋ, 30 ਕਿੱਲੋ ਅਤੇ 32 ਕਿੱਲੋਗਰਾਮ ਵਰਗਾਂ ਵਿੱਚ ਬੱਚਿਆਂ ਨੇ ਜੋਸ਼ ਨਾਲ ਭਾਗ ਲਿਆ | ਦੰਗਲ ਦੀ ਸ਼ੁਰੂਆਤ ਪਰਮਿੰਦਰ ਸਿੰਘ ਢੀਂਡਸਾ ਸਾਬਕਾ ਖ਼ਜ਼ਾਨਾ ਮੰਤਰੀ ਪੰਜਾਬ ਦੀ ਪਤਨੀ ਬੀਬੀ ਗਗਨਦੀਪ ਢੀਂਡਸਾ ਨੇ ਰੀਬਨ ਕੱਟ ਕੇ ਕੀਤੀ ਗਈ | ਇਸ ਮੌਕੇ ਰਾਕੇਸ਼ ਗਿੱਲ, ਰਾਜਿੰਦਰ ਨੈਨ, ਸੁਰੇਸ਼ ਕੁਮਾਰ, ਬੇਦਪਾਲ, ਪ੍ਰਦੀਪ ਨੈਨ ਅੰਨਦਾਨਾ, ਰਾਮੇਸਵਰ ਢੀਂਡਸਾ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਖੇਡ ਪ੍ਰੇਮੀ ਮੌਜੂਦ ਸਨ | ਇਨਾਮ ਵੰਡ ਸਮਾਰੋਹ ਸਮਾਜ ਸੇਵੀ ਬਲਜੀਤ ਸਿੰਘ ਬੋਪਰ ਵੱਲੋਂ ਕੀਤਾ ਗਿਆ, ਜਿਨ੍ਹਾਂ ਨੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ | ਕੁਸ਼ਤੀ ਦੰਗਲ ਵਿੱਚ 22 ਕਿੱਲੋਗਰਾਮ ਵਰਗ ਵਿੱਚ ਪਹਿਲਾ ਸਥਾਨ ਵਿਨੀਤ (ਕਰੋਦਾ), ਦੂਜਾ ਸਥਾਨ ਅਰਵਿਨ (ਕਰੋਦਾ) ਅਤੇ ਤੀਜਾ ਸਥਾਨ ਨਵਜੋਤ (ਕੈਥਲ), 25 ਕਿੱਲੋਗਰਾਮ ਵਰਗ ਵਿੱਚ ਪਹਿਲਾ ਸਥਾਨ ਅਰਪਿਤ (ਬੀਮ ਅਖਾੜਾ), ਦੂਜਾ ਸਥਾਨ ਅਕਲਵ (ਕਰੋਦਾ) ਅਤੇ ਤੀਜਾ ਸਥਾਨ ਅਰਜੁਨ (ਨਗੂਰਾ), 28 ਕਿੱਲੋਗਰਾਮ ਵਰਗ ਵਿੱਚ ਪਹਿਲਾ ਸਥਾਨ ਸੰਗਮ (ਕਿਓੜਕ), ਦੂਜਾ ਸਥਾਨ ਲਕਸ਼ੇ (ਦਬਲੈਣ) ਅਤੇ ਤੀਜਾ ਸਥਾਨ ਨਕਸ਼ (ਰਾਏ ਚੰਦ), 32 ਕਿੱਲੋਗਰਾਮ ਵਰਗ ਵਿੱਚ ਪਹਿਲਾ ਸਥਾਨ ਸਿਵੀ (ਰਿਠਾਲ), ਦੂਜਾ ਸਥਾਨ ਨਿਤਿਨ (ਰਿਠਾਲ) ਅਤੇ ਤੀਜਾ ਸਥਾਨ ਪਨੀਤ (ਰਿਠਾਲ) ਨੇ ਪ੍ਰਾਪਤ ਕੀਤਾ | ਇਸ ਮੌਕੇ ਬਾਬਾ ਜੀਰਮ ਨਾਥ ਮੰਦਰ ਦੇ ਮੁਖੀ ਬਾਬਾ ਰਾਜੇ ਨਾਥ ਨੇ ਦੱਸਿਆ ਕਿ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਬਾਬਾ ਜੀਰਮ ਨਾਥ ਅਕੈਡਮੀ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਚੱਲ ਰਹੀ ਹੈ | ਉਨ੍ਹਾਂ ਕਿਹਾ ਕਿ ਅਕੈਡਮੀ ਵਿੱਚ ਕੋਚ ਦੀ ਵੀ ਵਿਵਸਥਾ ਕੀਤੀ ਗਈ ਹੈ ਅਤੇ ਬੱਚਿਆਂ ਨੂੰ ਨਿਯਮਿਤ ਤੌਰ 'ਤੇ ਅਭਿਆਸ ਵੀ ਕਰਵਾਇਆ ਜਾ ਰਿਹਾ ਹੈ | ਇਹ ਕੁਸ਼ਤੀ ਦੰਗਲ ਪਿੰਡ ਵਿੱਚ ਖੇਡਾਂ ਪ੍ਰਤੀ ਉਤਸ਼ਾਹ ਵਧਾਉਣ ਅਤੇ ਨਵੀਂ ਪੀੜ੍ਹੀ ਨੂੰ ਸਹੀ ਦਿਸ਼ਾ ਵੱਲ ਲੈ ਜਾਣ ਵਿੱਚ ਇੱਕ ਮਹੱਤਵਪੂਰਨ ਕਦਮ ਸਾਬਤ ਹੋਇਆ |