ਸੰਗਰੂਰ, 9 ਅਪ੍ਰੈਲ (ਅਮਨਦੀਪ ਸਿੰਘ ਬਿੱਟਾ) ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਚਮਕੌਰ ਸਿੰਘ ਵੀਰ, ਸਕੱਤਰ ਡਾ. ਸਰੂਪ ਸਿੰਘ ਪੰਜਗਰਾਈਆਂ ਨੇ ਦੱਸਿਆ ਕਿ ਪਾਰਟੀ 14 ਅਪ੍ਰੈਲ ਨੂੰ ਡਾ. ਭੀਮ ਰਾਉ ਅੰਬੇਡਕਰ ਦਾ 135ਵਾਂ ਜਨਮ ਦਿਨ ਸਤਾ ਪ੍ਰਾਪਤੀ ਰੈਲੀ ਦੇ ਰੂਪ ਵਿੱਚ ਧੂਰੀ ਨੇੜੇ ਬੇਨੜਾ ਪਿੰਡ ਵਿਖੇ ਮਨਾਏਗੀ | ਇਸ ਸਮਾਗਮ ਨੂੰ ਉੱਤਰ ਪ੍ਰਦੇਸ਼ ਤੋਂ ਕੇਂਦਰੀ ਕੋਆਰਡੀਨੇਟਰ ਰਣਧੀਰ ਸਿੰਘ ਬੈਨੀਵਾਲ, ਸੂਬਾ ਇੰਚਾਰਜ ਪ੍ਰਤਾਪ ਸਿੰਘ, ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਅਤੇ ਪਰਜਾਪਤੀ ਸ੍ਰੀ ਅਜੀਤ ਸਿੰਘ ਭੈਣੀ ਪੁੱਜੇ ਰਹੇ ਹਨ | ਸੰਗਰੂਰ ਵਿਧਾਨ ਸਭਾ ਦੇ ਪਿੰਡ ਹਰੇੜੀ, ਚੰਗਾਲ, ਬੰਗਾਵਾਲੀ, ਖਿਲਰੀਆ, ਛੰਨਾ, ਅਕੋਈ ਸਾਹਿਬ, ਮੰਗਵਾਲ, ਬਾਲੀਆ ਆਦਿ ਦਾ ਦੌਰਾ ਕਰਨ ਉਪਰੰਤ ਵੀਰ ਨੇ ਕਿਹਾ ਕਿ ਪੰਜਾਬ ਦੀ ਜਨਤਾ ਨੇ 79 ਸਾਲਾਂ ਵਿੱਚ ਅਕਾਲੀ-ਭਾਜਪਾ, ਕਾਂਗਰਸ ਅਤੇ ਹੁਣ ਆਪ ਪਾਰਟੀ ਦੇ ਰਾਜ ਨੂੰ ਅਜ਼ਮਾ ਲਿਆ ਹੈ | ਉਨ੍ਹਾਂ ਕਿਹਾ ਕਿ ਹੁਣ ਇਨ੍ਹਾਂ ਚਾਰਾਂ ਪਾਰਟੀਆਂ ਤੋਂ ਪੰਜਾਬੀਆਂ ਦਾ ਮੋਹ ਭੰਗ ਹੋ ਚੁੱਕਿਆ ਹੈ ਅਤੇ ਇਨ੍ਹਾਂ ਪਾਰਟੀਆਂ ਨੇ ਪੰਜਾਬ ਨੂੰ ਨਸ਼ਿਆਂ ਦੇ ਦੌਰ ਵਿੱਚ ਧਕੇਲ ਦਿੱਤਾ ਹੈ | ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਹੁਣ ਪੰਜਾਬ ਦੇ ਲੋਕ ਬਸਪਾ ਨੂੰ ਇੱਕ ਮੌਕਾ ਦੇਣਾ ਚਾਹੁੰਦੇ ਹਨ | ਇਸ ਮੌਕੇ ਮਿੱਠਾ ਸਿੰਘ, ਬਲਵੀਰ ਸਿੰਘ, ਨਛੱਤਰ ਸਿੰਘ, ਸੱਤਾ ਸਿੰਘ, ਗੌਰਵ ਰਤਨ ਆਦਿ ਮੌਜੂਦ ਸਨ |