ਕੁੱਪ ਕਲਾਂ, 12 ਅਪ੍ਰੈਲ (ਸੁਖਜਿੰਦਰ ਸਿੰਘ ਝੱਲ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸੰਤ ਬਾਬਾ ਸੇਵਾ ਦਾਸ ਪਬਲਿਕ ਸਕੂਲ ਦੁੱਗਰੀ ਦੀ ਹੋਣਹਾਰ ਵਿਦਿਆਰਥਣ ਗੁਰਸਿਮਰਨਪ੍ਰੀਤ ਕੌਰ ਪੁੱਤਰੀ ਦੁਪਿੰਦਰ ਸਿੰਘ ਵਾਸੀ ਪਿੰਡ ਦੁੱਗਰੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਅੱਠਵੀਂ ਜਮਾਤ ਦੇ ਨਤੀਜਿਆਂ ਵਿੱਚ 588/600 (98 ਫ਼ੀਸਦੀ) ਅੰਕ ਪ੍ਰਾਪਤ ਕਰਦਿਆਂ ਆਪਣਾ ਨਾਮ ਮੈਰਿਟ ਸੂਚੀ ਅੰਦਰ ਦਰਜ ਕਰਵਾਇਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਲਖਬੀਰ ਸਿੰਘ ਸੋਹੀ ਅਤੇ ਉਪ ਪਿ੍ੰਸੀਪਲ ਬਲਵੰਤ ਕੌਰ ਸੋਹੀ ਨੇ ਦੱਸਿਆ ਕਿ ਗੁਰਸਿਮਰਨਪ੍ਰੀਤ ਕੌਰ ਨੇ ਅੱਠਵੀਂ ਜਮਾਤ ਵਿੱਚੋਂ ਪੰਜਾਬ ਅੰਦਰ 12ਵਾਂ ਅਤੇ ਜਿਲ੍ਹਾ ਮਾਲੇਰਕੋਟਲਾ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਦਿਆਂ ਸਕੂਲ, ਮਾਪਿਆਂ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ | ਸਕੂਲ ਮੁਖੀ ਵੱਲੋਂ ਜਿੱਥੇ ਇਸ ਪ੍ਰਾਪਤੀ ਦਾ ਸਿਹਰਾ ਮਿਹਨਤੀ ਅਤੇ ਤਜਰਬੇਕਾਰ ਸਕੂਲ ਅਧਿਆਪਕਾਂ ਦੇ ਸਿਰ ਸਜਾਇਆ ਗਿਆ ਉੱਥੇ ਹੀ ਵਿਦਿਆਰਥਣ ਗੁਰਸਿਮਰਨਪ੍ਰੀਤ ਕੌਰ ਦਾ ਮੂੰਹ ਮਿੱਠਾ ਕਰਵਾਉਂਦਿਆਂ ਉਸਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ | ਇਸ ਪ੍ਰਾਪਤੀ ਮੌਕੇ ਜਦੋਂ ਵਿਦਿਆਰਥਣ ਗੁਰਸਿਮਰਨਪ੍ਰੀਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਹੋਣਹਾਰ ਬੱਚੀ ਨੇ ਆਖਿਆ ਕਿ ਉਹ ਜ਼ਿੰਦਗੀ ਅੰਦਰ ਹੋਰ ਵੱਡੇ ਟੀਚੇ ਸਰ ਕਰਨ ਦਾ ਮਨ ਬਣਾ ਚੁੱਕੀ ਹੈ | ਇਸ ਮੌਕੇ ਬਲਵਿੰਦਰ ਕੌਰ, ਸਿਕੰਦਰ ਸਿੰਘ, ਸਿਮਰਨਜੀਤ ਕੌਰ ਆਦਿ ਅਧਿਆਪਕ ਹਾਜ਼ਰ ਸਨ |