ਖਨੌਰੀ, 13 ਅਪ੍ਰੈਲ (ਬਲਵਿੰਦਰ ਸਿੰਘ ਥਿੰਦ)-ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਜ਼ਿਲ੍ਹਾ ਆਗੂ ਰਾਜ ਸਿੰਘ ਥੇੜ੍ਹੀ ਅਤੇ ਬਲਾਕ ਪ੍ਰਧਾਨ ਅਮਨਦੀਪ ਸਿੰਘ ਮੰਡਵੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਮੁੱਚੇ ਪੰਜਾਬ ਅੰਦਰ ਕਣਕ ਦੀ ਖ਼ਰੀਦ ਤੁਰੰਤ ਸ਼ੁਰੂ ਕਰਵਾਈ ਜਾਵੇ | ਉਹ ਆਪਣੀ ਟੀਮ ਸਮੇਤ ਨੇੜਲੇ ਪਿੰਡ ਮੰਡਵੀ ਦੀ ਅਨਾਜ ਮੰਡੀ ਵਿਖੇ ਸਰਕਾਰ ਵੱਲੋਂ ਕਣਕ ਦੀ ਫ਼ਸਲ ਦੀ ਸਰਕਾਰੀ ਖ਼ਰੀਦ ਸ਼ੁਰੂ ਨਹੀਂ ਕਰਵਾਏ ਜਾਣ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਨ | ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ 1 ਅਪ੍ਰੈਲ ਤੋਂ ਸਰਕਾਰੀ ਖ਼ਰੀਦ ਸ਼ੁਰੂ ਕਰਨ ਲਈ ਸਾਰੇ ਪ੍ਰਬੰਧ ਮੁਕੰਮਲ ਕਰਨ ਦੇ ਦਾਅਵੇ ਕਰ ਰਹੀ ਹੈ | ਪਰ ਹਕੀਕਤ ਇਹ ਹੈ ਕਿ ਅੱਜ 13 ਅਪ੍ਰੈਲ ਹੋ ਚੁੱਕੀ ਹੈ ਅਤੇ ਕਿਸਾਨ ਪਿਛਲੇ 8,10 ਦਿਨਾਂ ਤੋਂ ਮੰਡੀਆਂ ਵਿੱਚ ਰੁਲ ਰਹੇ ਹਨ ਅਤੇ ਰਾਤਾਂ ਵੀ ਮੰਡੀਆਂ ਵਿੱਚ ਕੱਟਣ ਲਈ ਮਜਬੂਰ ਹਨ ਪਰ ਸਰਕਾਰ ਨੇ ਅੱਜ ਤੱਕ ਇੱਕ ਢੇਰੀ ਦੀ ਵੀ ਸਰਕਾਰੀ ਖ਼ਰੀਦ ਨਹੀਂ ਕੀਤੀ | ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਨਾਂ ਸਰਕਾਰੀ ਖ਼ਰੀਦ ਹੈ ਅਤੇ ਨਾਂ ਹੀ ਬਾਰਦਾਨਾ ਹੈ ਤੇ ਨਾਂ ਹੀ ਮੰਡੀਆਂ ਵਿੱਚ ਸਾਫ਼ ਸਫ਼ਾਈ ਦੇ ਪ੍ਰਬੰਧ ਮੁਕੰਮਲ ਹੋਏ ਸਨ | ਉਨ੍ਹਾਂ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਇਲਾਕੇ ਅੰਦਰ ਕਣਕ ਦੀ ਫ਼ਸਲ ਦੀ ਵਾਢੀ ਪੂਰੇ ਜ਼ੋਰ ਸ਼ੋਰ ਨਾਲ ਚੱਲ ਰਹੀ ਹੈ ਜਿਸ ਕਾਰਨ ਮੰਡੀਆਂ ਵਿੱਚ ਕਣਕ ਦੀ ਫ਼ਸਲ ਦੇ ਵੱਡੇ ਵੱਡੇ ਢੇਰ ਨਜ਼ਰ ਆ ਰਹੇ ਹਨ ਤੇ ਮੰਡੀਆਂ ਨੱਕੋਂ ਨੱਕ ਭਰ ਗਈਆਂ ਹਨ | ਉਨ੍ਹਾਂ ਕਿਹਾ ਕਿ ਪਹਿਲਾਂ ਪੰਜਾਬ ਸਰਕਾਰ ਨੇ ਆੜ੍ਹਤੀਆਂ ਨਾਲ ਰਾਬਤਾ ਨਹੀਂ ਰੱਖਿਆ ਅਤੇ ਆੜ੍ਹਤੀਏ ਹੜਤਾਲ ਚਲੇ ਗਏ ਅਤੇ ਹੁਣ ਖ਼ਰੀਦ ਇੰਸਪੈਕਟਰਾਂ ਦੀ ਹੜਤਾਲ ਜਾਰੀ ਹੈ | ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਲੇਬਰ ਤੇ ਟਰੱਕ ਓਪਰੇਟਰ ਹੜਤਾਲ ਤੇ ਜਾ ਸਕਦੇ ਹਨ | ਇਹ ਸਾਰੀਆਂ ਘਾਟਾਂ ਪੰਜਾਬ ਸਰਕਾਰ ਦੀ ਲਾਪ੍ਰਵਾਹੀ ਕਾਰਨ ਹੀ ਵਾਪਰ ਰਹੀਆਂ ਹਨ | ਉਨ੍ਹਾਂ ਨੇ ਮੌਜੂਦਾ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਤੁਰੰਤ ਨਿਰਵਿਘਨ ਸਰਕਾਰੀ ਖ਼ਰੀਦ ਨੂੰ ਯਕੀਨੀ ਬਣਾਇਆ ਜਾਵੇ | ਕਿਸਾਨ ਆਗੂਆਂ ਨੇ ਕਿਹਾ ਹੈ ਕਿ ਜੇਕਰ ਸਰਕਾਰ ਵੱਲੋਂ ਤੁਰੰਤ ਨਿਰਵਿਘਨ ਖ਼ਰੀਦ ਸ਼ੁਰੂ ਨਹੀਂ ਕੀਤੀ ਜਾਂਦੀ ਤਾਂ ਕਿਸਾਨਾਂ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ | ਇਸ ਮੌਕੇ ਜ਼ਿਲ੍ਹਾ ਆਗੂ ਸੁਖਦੇਵ ਸ਼ਰਮਾ ਭੂਟਾਲ ਖੁਰਦ, ਮੁਖਤਿਆਰ ਸਿੰਘ ਮੰਡਵੀ ਅਤੇ ਅਜੀਤ ਸਿੰਘ ਥੇੜ੍ਹੀ ਹਾਜ਼ਰ ਸਨ |