ਅਹਿਮਦਗੜ੍ਹ, 13 ਅਪ੍ਰੈਲ (ਰਵਿੰਦਰ ਪੁਰੀ)-ਪੰਜਾਬ ਸਰਕਾਰ ਵੱਲੋਂ ਪੰਜਾਬ ਦੀਆਂ ਨਗਰ ਕੌਂਸਲਾਂ ਦੀ 31 ਦਸੰਬਰ ਨੂੰ 2025 ਨੂੰ ਵਾਰਡਬੰਦੀ ਕਰਦਿਆਂ ਗਜ਼ਟ ਨੋਟੀਫ਼ਿਕੇਸ਼ਨ ਕਰ ਦਿੱਤਾ ਗਿਆ ਸੀ, ਜਿਸ ਬਾਅਦ ਅਹਿਮਦਗੜ੍ਹ ਸ਼ਹਿਰ ਦੀ ਨਵੀਂ ਵਾਰਡਬੰਦੀ ਕਰਦਿਆਂ ਨਕਸ਼ਾ ਜਾਰੀ ਕਰ ਦਿੱਤਾ ਗਿਆ ਸੀ | ਪਰ ਨਵੀ ਹੱਦਬੰਦੀ ਨੂੰ ਲੈ ਕੇ ਸ਼ਹਿਰ ਦੇ ਲੋਕਾਂ ਵਿਚਕਾਰ ਇਸ ਗੱਲ ਦਾ ਵੱਡਾ ਖ਼ਦਸ਼ਾ ਪਾਇਆਂ ਜਾ ਰਿਹਾ ਸੀ, ਪੰਜਾਬ ਸਰਕਾਰ ਦੇ ਗਜ਼ਟ ਨੋਟੀਫ਼ਿਕੇਸ਼ਨ ਬਾਅਦ ਵੀ ਨਕਸ਼ੇ ਅੰਦਰ ਵੱਡੀਆਂ ਤਬਦੀਲੀਆਂ ਕਰ ਦਿੱਤੀਆਂ ਗਈਆ | ਇਸ ਸਬੰਧੀ ਸ਼ੁਰੂ ਤੋਂ ਹੀ ਹੋ ਰਹੀ ਚਰਚਾ ਹੁਣ ਉਜਾਗਰ ਅਤੇ ਸਹੀ ਸਾਬਤ ਹੋ ਗਈ ਹੈ ਜਦੋਂ ਅੱਜ ਨਗਰ ਕੌਂਸਲ ਦਫ਼ਤਰ ਵਿਖੇ ਨਵਾਂ ਨਕਸ਼ਾ ਲਿਆਂਦਾ ਗਿਆ ਜੋ ਗਜ਼ਟ ਨੋਟੀਫ਼ਿਕੇਸ਼ਨ ਦੇ ਮੁਤਾਬਕ ਬਹੁਤ ਉਲਟ ਫੇਰ ਹੈ, ਕਿਉਂਕਿ ਕਈ ਵਾਰਡਾਂ ਵਿੱਚ ਚੋਣ ਲੜਨ ਵਾਲੇ ਆਗੂਆਂ ਨੇ ਬਹੁਤ ਗੈਰ ਕਾਨੂੰਨੀ ਢੰਗ ਨਾਲ ਵਾਰਡਾਂ ਦੀਆਂ ਹੱਦਬੰਦੀਆਂ 31 ਦਸੰਬਰ 2025 ਦੇ ਹੋਏ ਗਜ਼ਟ ਨੋਟੀਫ਼ਿਕੇਸ਼ਨ ਤੋਂ ਬਾਅਦ ਵੀ ਹੇਰ ਫੇਰ ਨਾਲ ਕਰਵਾ ਲਈਆਂ ਸਨ ਜਿਨ੍ਹਾਂ ਦੀ ਇੱਥੇ ਆਮ ਚਰਚਾ ਸੀ | ਇਸੇ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਅਹਿਮਦਗੜ੍ਹ ਨਗਰ ਕੌਂਸਲ ਦਫ਼ਤਰ ਵਿਖੇ 18 ਦਸੰਬਰ 2025 ਨੂੰ ਜੋ ਨਵੀਂ ਵਾਰਡਬੰਦੀ ਸਬੰਧੀ ਨਕਸ਼ਾ ਅਤੇ ਹੱਦਾਂ ਸਬੰਧੀ ਲਿਖਤ ਅਧਿਸੂਚਨਾ ਆਈ ਸੀ ਉਸ ਤੋਂ ਬਾਅਦ ਲੋਕਾਂ ਵੱਲੋਂ ਇਤਰਾਜ਼ ਵੀ ਦਿੱਤੇ ਗਏ ਸਨ | ਜਿਸ ਬਾਅਦ 31 ਦਸੰਬਰ 2025 ਨੂੰ ਕੁਝ ਰਦੋ ਬਦਲ ਕਰਦਿਆਂ ਪੰਜਾਬ ਸਰਕਾਰ ਵੱਲੋਂ ਗਜਟ ਨੋਟੀਫ਼ਿਕੇਸ਼ਨ ਕਰ ਦਿੱਤਾ ਗਿਆ ਸੀ ਅਤੇ ਨਵੀਂ ਵਾਰਡਬੰਦੀ ਵੀ ਫਾਈਨਲ ਕਰ ਦਿੱਤੀ ਗਈ ਸੀ | ਜਿਸ ਤੋਂ ਬਾਅਦ ਸ਼ਹਿਰ ਅੰਦਰ ਇਹ ਵੀ ਆਮ ਚਰਚਾ ਸੀ ਕਿ ਕੁਝ ਲੋਕਾਂ ਨੇ ਨੋਟੀਫ਼ਿਕੇਸ਼ਨ ਤੋਂ ਬਾਅਦ ਚੰਡੀਗੜ੍ਹ ਸਥਾਨਕ ਸਰਕਾਰ ਵਿਭਾਗ ਦੇ ਦਫਤਰ 'ਚ ਬੈਠੇ ਕੁਝ ਕਰਪਟ ਮੁਲਾਜ਼ਮਾਂ ਨਾਲ ਮਿਲੀ ਭੁਗਤ ਕਰਕੇ ਨਕਸ਼ੇ ਵਿੱਚ ਹੱਦਾਂ ਬਦਲਵਾ ਲਈਆਂ ਹਨ | ਜਿਨ੍ਹਾਂ ਦਾ ਸੱਚ ਹੁਣ ਸਾਹਮਣੇ ਵੀ ਆ ਗਿਆ ਹੈ | ਜਦੋਂ ਅੱਜ ਐਸ.ਡੀ.ਐਮ. ਦਫ਼ਤਰ ਵਿਖੇ ਸ਼ਹਿਰ ਦੇ ਬੀਐਲਓ ਨੂੰ ਨਵਾਂ ਨਕਸ਼ਾਂ ਦਿੱਤਾ ਗਿਆ ਜੋ ਗਜਨ ਨੋਟੀਫ਼ਿਕੇਸ਼ਨ ਨਾਲ ਮੇਲ ਹੀ ਨਹੀਂ ਖਾਂਦਾ | ਜਿਸ ਵਿੱਚ ਵਾਰਡ ਨੰਬਰ 6, 7, 8, 10, 12, 13, 14 ਤੇ 15 ਦੀਆਂ ਹੱਦਾਂ ਵਿੱਚ ਵੱਡਾ ਫੇਰ ਬਦਲ ਸਾਫ ਦਿਖਾਈ ਦੇ ਰਿਹਾ ਹੈ ਅਤੇ ਪੁਰਾਣੇ ਨਕਸ਼ੇ ਤੇ ਬਾਅਦ ਵਿੱਚ ਲੱਗੀਆਂ ਲਕੀਰਾਂ ਵੀ ਸਾਫ ਦਿਖਾਈ ਦੇ ਰਹੀਆਂ ਹਨ | ਇਸੇ ਸਬੰਧੀ ਸ਼ਹਿਰ ਦੇ ਲੋਕਾਂ ਨੇ ਸਥਾਨਕ ਸਰਕਾਰ ਵਿਭਾਗ ਪ੍ਰਤੀ ਭਾਰੀ ਰੋਸ ਪ੍ਰਗਟ ਕਰਦਿਆਂ ਮੰਗ ਕੀਤੀ ਹੈ ਕਿ ਦੋਸ਼ੀ ਮੁਲਾਜ਼ਮਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਗਜ਼ਟ ਨੋਟੀਫ਼ਿਕੇਸ਼ਨ ਤੋਂ ਬਾਅਦ ਜੋ ਨਕਸ਼ੇ 'ਚ ਹੇਰ ਫੇਰ ਹੋਈ ਹੈ, ਉਸ ਵਿੱਚ ਤੁਰੰਤ ਸੁਧਾਰ ਕੀਤਾ ਜਾਵੇ | ਇਸੇ ਸਬੰਧੀ ਹਲਕਾ ਵਿਧਾਇਕ ਸ. ਜਸਵੰਤ ਸਿੰਘ ਗੱਜਣਮਾਜਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਸਪੱਸ਼ਟ ਕੀਤਾ ਕਿ ਗਜ਼ਟ ਨੋਟੀਫ਼ਿਕੇਸ਼ਨ ਬਾਅਦ ਨਕਸ਼ੇ 'ਚ ਹੋਏ ਉਲਟ ਫੇਰ ਸਬੰਧੀ ਮੈਨੂੰ ਕੋਈ ਜਾਣਕਾਰੀ ਨਹੀਂ ਹੈ | ਉਨ੍ਹਾਂ ਕਿਹਾ ਕਿ ਜੇਕਰ ਕੋਈ ਬਾਅਦ ਵਿੱਚ ਬੇਨਿਯਮੀ ਹੋਈ ਹੈ ਤਾਂ ਉਸ ਸਬੰਧੀ ਜਾਂਚ ਕਰਵਾਈ ਜਾਵੇਗੀ |