ਭਵਾਨੀਗੜ੍ਹ, 13 ਅਪ੍ਰੈਲ (ਰਣਧੀਰ ਸਿੰਘ ਫੱਗੂਵਾਲਾ) - ਸਥਾਨਕ ਸਾਹਿਤ ਸਿਰਜਣਾ ਮੰਚ ਵਲੋਂ ਡਾ. ਭੀਮ ਰਾਓ ਅੰਬੇਡਕਰ ਨੂੰ ਸਮਰਪਿਤ ਇੱਕ ਸਾਹਿਤਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਉੱਘੇ ਗਲਪਕਾਰ ਅਨੋਖ ਸਿੰਘ ਵਿਰਕ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਬਾਬਾ ਸਾਹਿਬ ਵਲੋਂ ਲਿਖੇ ਸੰਵਿਧਾਨ ਅਤੇ ਉਨ੍ਹਾਂ ਦੀ ਵਿਚਾਰਧਾਰਾ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ ਅਤੇ ਹਾਜ਼ਰ ਸਾਹਿਤਕਾਰਾਂ ਵਲੋਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ | ਆਪਣੇ ਪ੍ਰਧਾਨਗੀ ਭਾਸ਼ਣ ਵਿਚ ਅਨੋਖ ਸਿੰਘ ਵਿਰਕ ਨੇ ਕਿਹਾ ਕਿ ਬਾਬਾ ਸਾਹਿਬ ਦੇ ਵਿਚਾਰ ਅੱਜ ਵੀ ਪੂਰੀ ਤਰ੍ਹਾਂ ਸਾਰਥਿਕ ਹਨ ਅਤੇ ਸਮਾਜ ਨੂੰ ਛੂਤ-ਛਾਤ, ਊਚ-ਨੀਚ, ਜਾਤ-ਪਾਤ ਅਤੇ ਆਰਥਿਕ ਅਸਮਾਨਤਾ ਤੋਂ ਮੁਕਤ ਕਰਨ ਲਈ ਉਨ੍ਹਾਂ ਦੀ ਸੋਚ 'ਤੇ ਚੱਲਣ ਦੀ ਲੋੜ ਹੈ | ਇਸ ਦੌਰਾਨ ਕਰਵਾਏ ਗਏ ਕਵੀ ਦਰਬਾਰ ਵਿਚ ਗੁਰਮੁਖ ਸਿੰਘ ਦਿਲਬਰ ਨੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਰਚਨਾ ਸੁਣਾਈ, ਜਦਕਿ ਪਵਨ ਹੋਸ਼ੀ ਨੇ ਜਲਿਆਂਵਾਲਾ ਬਾਗ ਹਤਿਆਕਾਂਡ ਦੀ ਯਾਦ ਤਾਜ਼ਾ ਕਰਵਾਈ ਅਤੇ ਕੌਮਾਂ ਨੂੰ ਆਪਣੇ ਇਤਿਹਾਸ ਨਾਲ ਜੁੜੇ ਰਹਿਣ ਦਾ ਸੰਦੇਸ਼ ਦਿੱਤਾ | ਬਾਲ ਕਲਾਕਾਰ ਖੁਸ਼ਲੀਨ ਸ਼ਰਮਾ ਨੇ ਵਿਸਾਖੀ ਮੌਕੇ ਆਪਣੀ ਇਤਿਹਾਸਕ ਰਚਨਾ ਨਾਲ ਦਰਸ਼ਕਾਂ ਤੋਂ ਵਾਹ-ਵਾਹ ਖੱਟੀ | ਸਮਾਗਮ ਦੌਰਾਨ ਸ਼ਸ਼ੀ ਬਾਲਾ, ਜਗਤਾਰ ਸਿੰਘ ਸਕਰੌਦੀ, ਸੁਖਵਿੰਦਰ ਸਿੰਘ ਬਲਿਆਲ, ਹਰਵੀਰ ਸਿੰਘ ਬਾਗੀ, ਗਿਆਨ ਸਿੰਘ (ਰਿਟਾ. ਬੀ.ਪੀ.ਈ.ਓ.), ਪਰਮਿੰਦਰ ਸਿੰਘ ਸੰਗਰੂਰ, ਬਹਾਦਰ ਸਿੰਘ ਧੋਲਾ, ਸਰਬਜੀਤ ਸੰਗਰੂਰਵੀ, ਰਾਜੀਵ ਜਿੰਦਲ, ਗੁਰਜੰਟ ਬੀਂਬੜ, ਕਾਕਾ ਅਵਤਾਰ ਸਿੰਘ ਬਾਲਦ ਕਲਾਂ, ਗੋਪਾਲ ਕਿ੍ਸ਼ਨ ਸ਼ਰਮਾ, ਗੁਰੀ ਚੰਦੜ, ਰਣਜੀਤ ਆਜ਼ਾਦ ਕਾਂਝਲਾ, ਬਲਜੀਤ ਸਿੰਘ ਬਾਂਸਲ ਧੂਰੀ, ਚਰਨਜੀਤ ਪਟਵਾਰੀ, ਰਜਿੰਦਰ ਚੋਪੜਾ, ਗੁਰਤੇਜ ਸਿੰਘ ਅਤੇ ਗੁਰਜੰਟ ਸਿੰਘ ਨੇ ਵੀ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ | ਮੰਚ ਸੰਚਾਲਨ ਕੁਲਵੰਤ ਖਨੌਰੀ ਵਲੋਂ ਕੀਤਾ ਗਿਆ |