ਲਹਿਰਾਗਾਗਾ, 16 ਅਪ੍ਰੈਲ (ਅਸ਼ੋਕ ਗਰਗ) - ਪੰਜਾਬ ਸਰਕਾਰ ਵੱਲੋਂ ਹਾੜ੍ਹੀ ਸੀਜ਼ਨ ਦੌਰਾਨ ਕਿਸਾਨਾਂ ਦੀ ਫ਼ਸਲ ਦੀ ਸੁਚੱਜੀ ਅਤੇ ਬਿਨਾਂ ਰੁਕਾਵਟ ਖ਼ਰੀਦ ਨੂੰ ਯਕੀਨੀ ਬਣਾਉਣ ਲਈ ਅੱਜ ਲਹਿਰਾਗਾਗਾ ਅਨਾਜ ਮੰਡੀ ਵਿੱਚ ਕੈਬਨਿਟ ਮੰਤਰੀ ਬਰਿੰਦਰ ਗੋਇਲ ਵੱਲੋਂ ਕਣਕ ਦੀ ਸਰਕਾਰੀ ਖ਼ਰੀਦ ਦੀ ਵਿਧੀਵਤ ਸ਼ੁਰੂਆਤ ਕਰਵਾਈ ਗਈ | ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਹਰ ਇਕ ਦਾਣੇ ਦੀ ਖ਼ਰੀਦ ਯਕੀਨੀ ਬਣਾਈ ਜਾਵੇਗੀ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਖ਼ਰੀਦ ਪ੍ਰਕਿਰਿਆ ਨੂੰ ਪੂਰੀ ਪਾਰਦਰਸ਼ਤਾ ਨਾਲ ਅੰਜਾਮ ਦਿੱਤਾ ਜਾਵੇਗਾ | ਸ਼੍ਰੀ ਗੋਇਲ ਨੇ ਕਿਹਾ ਕਿ ਬੇਮੌਸਮੀ ਬਰਸਾਤ ਕਰਨ ਇਕ ਤਾਂ ਲਸਟਰ ਲੌਸ ਹੋਇਆ, ਦੂਜਾ ਦਾਣੇ ਦਾ ਸਾਈਜ਼ ਪ੍ਰਭਾਵਿਤ ਹੋਇਆ ਅਤੇ ਤੀਜਾ ਬੱਲੀ ਕਾਲੀ ਹੋਣ ਦੀ ਦਿੱਕਤ ਆਈ ਹੈ | ਕੇਂਦਰ ਸਰਕਾਰ ਫ਼ੌਰੀ ਤੌਰ ਉੱਤੇ ਇਨ੍ਹਾਂ ਮੁਸ਼ਕਲਾਂ ਸਬੰਧੀ ਰਾਹਤ ਦੇਵੇ, ਜਿਵੇਂ ਕੇਂਦਰ ਨੇ ਰਾਜਸਥਾਨ ਨੂੰ ਰਾਹਤ ਦਿੱਤੀ ਹੈ | ਪੰਜਾਬ ਸਰਕਾਰ ਵੱਲੋਂ 125 ਲੱਖ ਮੀਟਿ੍ਕ ਟਨ ਕਣਕ ਖਰੀਦੀ ਜਾਂਦੀ ਹੈ, ਜਿਸ ਵਿੱਚੋਂ ਪੰਜਾਬ ਵਿੱਚ ਸਿਰਫ਼ 08 ਲੱਖ ਮੀਟਿ੍ਕ ਟਨ ਕਣਕ ਦੀ ਖਪਤ ਹੁੰਦੀ ਹੈ | 117 ਲੱਖ ਮੀਟਿ੍ਕ ਟਨ ਕਣਕ ਪੂਰੇ ਭਾਰਤ ਵਿੱਚ ਭੇਜੀ ਜਾਂਦੀ ਹੈ, ਜਿਹੜੀ ਕਿ ਐਫ.ਸੀ. ਆਈ ਦੇ ਮਾਪ ਦੰਡਾਂ ਮੁਤਾਬਕ ਭੇਜਣੀ ਪੈਂਦੀ ਹੈ | ਸਪੈਸ਼ਲਾਂ ਰੁਕਣ ਦਾ ਮਾਮਲਾ ਵੀ ਆਉਂਦਾ ਹੈ ਤੇ ਸੀ.ਸੀ. ਲਿਮਿਟ ਦਾ ਸਾਰਾ ਹਿਸਾਬ ਅਗਲੀ ਫ਼ਸਲ ਤੋਂ ਪਹਿਲਾਂ ਕਲੀਅਰ ਕਰਨਾ ਪੈਂਦਾ ਹੈ | ਇਸ ਲਈ ਕੇਂਦਰ ਸਰਕਾਰ ਇਹਨਾਂ ਮਾਪਦੰਡਾਂ ਸਬੰਧੀ ਛੋਟ ਬਾਬਤ ਫ਼ੌਰੀ ਰਾਹਤ ਦੇਵੇ ਜਿਵੇਂ ਕਿ ਰਾਜਸਥਾਨ ਨੂੰ ਦਿੱਤੀ ਗਈ ਹੈ | ਕੈਬਨਿਟ ਮੰਤਰੀ ਨੇ ਇਹ ਵੀ ਕਿਹਾ ਕਿ ਵਿਰੋਧੀਆਂ ਵੱਲੋਂ ਕਣਕ ਦੀ ਖ਼ਰੀਦ ਸਬੰਧੀ ਤੱਥਹੀਣ ਬਿਆਨਬਾਜ਼ੀ ਕੀਤੀ ਜਾ ਰਹੀ ਹੈ, ਜਿਸ ਵੱਲ ਲੋਕਾਂ ਨੂੰ ਬਿਲਕੁਲ ਧਿਆਨ ਨਹੀਂ ਦੇਣਾ ਚਾਹੀਦਾ | ਉਨ੍ਹਾਂ ਦੱਸਿਆ ਕਿ ਮੰਡੀ ਵਿੱਚ ਲਿਫ਼ਟਿੰਗ ਦੇ ਸੁਚੱਜੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਖਰੀਦੀ ਗਈ ਕਣਕ ਦੀ ਤੁਰੰਤ ਲਿਫ਼ਟਿੰਗ ਹੋ ਸਕੇ ਅਤੇ ਕਿਸਾਨਾਂ ਨੂੰ ਆਪਣੀ ਵਾਰੀ ਦੀ ਉਡੀਕ ਨਾ ਕਰਨੀ ਪਵੇ | ਇਸ ਦੇ ਨਾਲ ਹੀ ਆੜ੍ਹਤੀਆਂ ਅਤੇ ਖ਼ਰੀਦ ਏਜੰਸੀਆਂ ਨੂੰ ਹਦਾਇਤ ਕੀਤੀ ਗਈ ਕਿ ਕਿਸਾਨਾਂ ਦੀ ਫ਼ਸਲ ਦੀ ਤੋਲ ਵਿੱਚ ਕੋਈ ਦੇਰੀ ਨਾ ਹੋਵੇ ਅਤੇ ਸਾਰਾ ਕੰਮ ਸਮੇਂ-ਸਿਰ ਮੁਕੰਮਲ ਕੀਤਾ ਜਾਵੇ | ਉਨ੍ਹਾਂ ਇਹ ਵੀ ਭਰੋਸਾ ਦਿਵਾਇਆ ਕਿ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਭੁਗਤਾਨ ਨਿਰਧਾਰਿਤ ਸਮੇਂ ਅੰਦਰ ਸਿੱਧਾ ਟਰਾਂਸਫ਼ਰ ਕੀਤਾ ਜਾਵੇਗਾ, ਜਿਸ ਨਾਲ ਕਿਸਾਨਾਂ ਨੂੰ ਆਰਥਿਕ ਰਾਹਤ ਮਿਲੇਗੀ |ਮੰਡੀ ਵਿੱਚ ਆਉਣ ਵਾਲੇ ਕਿਸਾਨਾਂ ਲਈ ਪੀਣ ਵਾਲੇ ਸਾਫ਼ ਪਾਣੀ, ਛਾਂ, ਬੈਠਣ ਦੀ ਵਿਵਸਥਾ, ਸਫ਼ਾਈ ਅਤੇ ਸਿਹਤ ਸਬੰਧੀ ਸਾਰੀਆਂ ਸਹੂਲਤਾਂ ਦਾ ਵੀ ਖਾਸ ਧਿਆਨ ਰੱਖਿਆ ਗਿਆ ਹੈ | ਇਸ ਮੌਕੇ ਆੜ੍ਹਤੀਏ ਐਸੋਸੀਏਸ਼ਨ ਦੇ ਪ੍ਰਧਾਨ ਜੀਵਨ ਕੁਮਾਰ ਰੱਬੜ, ਮਾਰਕੀਟ ਕਮੇਟੀ ਦੇ ਚੇਅਰਮੈਨ ਡਾਕਟਰ ਸ਼ੀਸ਼ਪਾਲ ਆਨੰਦ, ਖ਼ਰੀਦ ਏਜੰਸੀ ਪਨਗਰੇਨ ਦੇ ਇੰਸਪੈਕਟਰ ਗਗਨਦੀਪ, ਪਨਸ਼ਪ ਇੰਸਪੈਕਟਰ ਮਨਦੀਪ ਸਿੰਘ, ਸੰਦੀਪ ਸ਼ਰਮਾ, ਟਰੱਕ ਯੂਨੀਅਨ ਦੇ ਪ੍ਰਧਾਨ ਸੱਤਪਾਲ ਸਿੰਘ ਕਾਲਾ ਖੰਡੇਬਾਦ, ਆੜਤੀ ਆਗੂ ਰਾਕੇਸ਼ ਗਰਗ, ਅਜੇ ਕੁਮਾਰ ਠੋਲੀ, ਓਮ ਪ੍ਰਕਾਸ਼ ਜਵਾਹਰ ਵਾਲਾ, ਨਰਾਤਾ ਰਾਮ ਫਤਿਹਗੜ੍ਹ ਵਾਲੇ, ਰਾਮਪਾਲ ਭੂਟਾਲ ਵਾਲੇ ਮੌਜੂਦ ਸਨ |