ਧਰਮਗੜ੍ਹ, 17 ਅਪ੍ਰੈਲ (ਗੁਰਜੀਤ ਸਿੰਘ ਚਹਿਲ) - ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸ਼ਹੀਦ ਊਧਮ ਸਿੰਘ ਅਕੈਡਮੀ ਸਤੌਜ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖ਼ਾਲਸਾ ਪੰਥ ਦਾ ਸਾਜਨਾ ਦਿਵਸ ਵਿਸਾਖੀ ਸਰਧਾ ਵਜੋਂ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਅਕੈਡਮੀ ਦੇ ਵਿਦਿਆਰਥੀਆਂ ਨੇ ਸ਼ਬਦ ਕੀਰਤਨ, ਧਾਰਮਿਕ ਕਵਿਤਾਵਾਂ ਅਤੇ ਕੋਰੀਓਗ੍ਰਾਫੀ ਦੀ ਖ਼ੂਬਸੂਰਤ ਪੇਸ਼ਕਾਰੀ ਕੀਤੀ | ਅਕੈਡਮੀ ਚੇਅਰਮੈਨ ਕੁਲਵਿੰਦਰ ਸਿੰਘ ਚਹਿਲ ਨੇ ਵਿਦਿਆਰਥੀਆਂ ਨੂੰ ਵਿਸਾਖੀ ਦੇ ਦਿਹਾੜੇ ਦੀਆਂ ਵਧਾਈਆਂ ਦਿੰਦਿਆਂ ਸੰਬੋਧਨ ਕਰਦਿਆਂ ਕਿਹਾ ਕਿ ਵਿਸਾਖੀ ਹਰ ਸਾਲ ਕਿਸਾਨਾਂ ਲਈ ਖ਼ੁਸ਼ੀਆਂ ਲੈ ਕੇ ਆਉਂਦੀ ਹੈ ਕਿਉਂਕਿ ਕਿਸਾਨ ਕਣਕ ਦੀ ਫ਼ਸਲ ਦੀ ਵਾਢੀ ਕਰਦੇ ਹਨ, ਜਿਸ ਨਾਲ ਪੂਰੀ ਦੁਨੀਆਂ ਦਾ ਢਿੱਡ ਭਰਦਾ ਹੈ ਅਤੇ ਇਸੇ ਲਈ ਹੀ ਕਿਸਾਨਾਂ ਨੂੰ ਅੰਨਦਾਤਾ ਵੀ ਕਿਹਾ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਵਿਸਾਖੀ ਵਾਲੇ ਦਿਨ ਹੀ ਸੰਨ 1699 'ਚ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ | ਉਨ੍ਹਾਂ ਦੱਸਿਆ ਕਿ ਵਿਸਾਖੀ ਦਾ ਦਿਹਾੜਾ ਸਭਿਆਚਾਰਕ ਤੌਰ 'ਤੇ ਵੀ ਆਪਣੀ ਵਿਸ਼ੇਸ਼ ਮਹੱਤਤਾ ਰੱਖਦਾ ਹੈ | ਇਸ ਮੌਕੇ ਅਕੈਡਮੀ ਪ੍ਰਬੰਧਕ ਗੁਰਸ਼ਰਨ ਸਿੰਘ ਤੱਗੜ, ਅਕੈਡਮੀ ਪ੍ਰਬੰਧਕ ਰਾਜ ਕੁਮਾਰ ਚੀਮਾ ਅਤੇ ਉਪ ਪਿ੍ੰਸੀਪਲ ਕੁਲਦੀਪ ਸਿੰਘ ਲਿੱਟ ਨੇ ਅਕੈਡਮੀ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਿਸਾਖੀ ਦੇ ਤਿਉਹਾਰ ਦੀ ਵਧਾਈ ਦਿੱਤੀ |