ਮਲੇਰਕੋਟਲਾ, 17 ਅਪ੍ਰੈਲ (ਪਾਰਸ ਜੈਨ)- ਖਾਲਸੇ ਦੇ ਸਾਜਨਾ ਦਿਹਾੜੇ ਮੌਕੇ ਸਥਾਨਕ ਗੁਰਦੁਆਰਾ ਸ੍ਰੀ ਗੁਰੁ ਸਿੰਘ ਸਭਾ ਵਿਖੇ ਕਰਵਾਏ ਗਏ ਧਾਰਮਿਕ ਸਮਾਗਮ ਮੌਕੇ ਜੁੜੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਹਲਕਾ ਅਮਰਗੜ੍ਹ ਦੇ ਵਿਧਾਇਕ ਪ੍ਰੋ ਜਸਵੰਤ ਸਿੰਘ ਗੱਜਣਮਾਜਰਾ ਨੇ ਕਿਹਾ ਕਿ ਸਿਖਾਂ ਦੇ ਘਰ ਪੰਜਾਬ ਅੰਦਰ ਹੀ ਸਿੱਖਾਂ ਦੀ ਲਗਾਤਾਰ ਘਟ ਰਹੀ ਜਨ ਸੰਖਿਆ ਸਿੱਖੀ ਹੋਂਦ ਬਾਰੇ ਫ਼ਿਕਰਮੰਦ ਸਿੱਖ ਆਗੂਆਂ ਤੇ ਬੁੱਧੀਜੀਵੀਆਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਜਿੱਥੇ ਸਿੱਖੀ ਸਭਿਆਚਾਰ ਨੇ ਪਰਫੁਲਤ ਹੋਣਾ ਹੈ ਉਥੇ ਹੀ ਮਰਮਸੁਮਾਰੀ ਦੇ ਅੰਕੜਿਆਂ 'ਚ ਸਿੱਖਾਂ ਦੀ ਗਿਣਤੀ ਘਟ ਰਹੀ ਹੈ | ਉਨ੍ਹਾਂ ਕਿਹਾ ਕਿ ਸਿਖ ਸਭਿਆਚਾਰ, ਸਿਖ ਨੌਜਵਾਨਾਂ ਨੂੰ ਰੋਜ਼ਗਾਰ, ਪੰਜਾਬੀ ਬੋਲੀ ਦੀ ਪ੍ਰਫੁਲਤਾ, ਸਿੱਖ ਵਿੱਦਿਅਕ ਸੰਸਥਾਵਾਂ ਅਤੇ ਧਰਮ ਪ੍ਰਚਾਰ ਆਦਿ ਅਜੇਹੇ ਅਨੇਕਾਂ ਪਹਿਲੂਆਂ 'ਤੇ ਨਿੱਠ ਕੇ ਕੰਮ ਕਰਨ ਦੀ ਭਾਰੀ ਜ਼ਰੂਰਤ ਹੈ | ਇਸ ਤੋਂ ਪਹਿਲਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਜਗਦੀਸ਼ ਸਿੰਘ ਘੁੰਮਣ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮਾਂ ਵਿਚ ਪੰਥ ਪ੍ਰਸਿੱਧ ਰਾਗੀ, ਢਾਡੀ ਜਥਿਆਂ ਵਲੋਂ ਗੁਰਮਤਿ ਅਤੇ ਕੁਰਬਾਨੀਆਂ ਭਰੇ ਸਿੱਖ ਇਤਿਹਾਸ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ | ਸ੍ਰੀ ਗੁਰੁ ਗਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੇ ਭੋਗ ਪਾਏ ਗਏ ਅਤੇ ਹੈੱਡ ਗ੍ਰੰਥੀ ਗਿਆਨੀ ਅਵਤਾਰ ਸਿੰਘ ਬਧੇਸਾ ਵਲੋਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ | ਇਸ ਮੌਕੇ ਗੁਰਦੁਆਰਾ ਕਮੇਟੀ ਵਲੋਂ ਵਿਧਾਇਕ ਪ੍ਰੋ ਜਸਵੰਤ ਸਿੰਘ ਗੱਜਣਮਾਜਰਾ ਅਤੇ ਰਾਗੀ ਢਾਡੀ ਜਥਿਆਂ ਨੂੰ ਸਿਰੋਪਾਓ ਦੀ ਬਖ਼ਸ਼ਿਸ਼ ਕਰ ਕੇ ਸਨਮਾਨਿਤ ਕੀਤਾ ਗਿਆ | ਸਨਮਾਨਿਤ ਕਰਨ ਵਾਲੀਆਂ ਸ਼ਖ਼ਸੀਅਤਾਂ ਵਿਚ ਪ੍ਰਧਾਨ ਭਾਈ ਘੁੰਮਣ ਦੇ ਨਾਲ ਗਿਆਨੀ ਅਵਤਾਰ ਸਿੰਘ ਬਧੇਸਾ, ਨੰਬਰਦਾਰ ਜਤਿੰਦਰ ਸਿੰਘ ਮਹੋਲੀ, ਪਿ੍ੰਸੀਪਲ ਬਲਜੀਤ ਸਿੰਘ ਟਿਵਾਣਾ, ਲਖਵੀਰ ਸਿੰਘ ਸਰਵਰਪੁਰ, ਭਾਈ ਅਮਰੀਕ ਸਿੰਘ ਬਜਾਜ ਅਤੇ ਬਹਾਦਰ ਸਿੰਘ ਭੂਦਨ ਆਦਿ ਸ਼ਾਮਿਲ ਸਨ |