ਸੰਗਰੂਰ, 17 ਅਪ੍ਰੈਲ (ਧੀਰਜ ਪਸ਼ੌਰੀਆ) - ਬਲਾਕ ਸੰਮਤੀ ਸੰਗਰੂਰ ਦੀ ਹੋਈ ਚੋਣ ਵਿੱਚ ਅੱਜ ਕੁਲਵਿੰਦਰ ਕੌਰ ਲੱਡੀ ਨੂੰ ਬਲਾਕ ਸੰਮਤੀ ਸੰਗਰੂਰ ਦੇ ਚੇਅਰਪਰਸਨ ਚੁਣ ਲਿਆ ਗਿਆ ਹੈ | ਐਸ.ਡੀ.ਐਮ. ਸ਼੍ਰੀ ਸਤੀਸ਼ ਚੰਦਰ ਦੀ ਨਿਗਰਾਨੀ ਵਿੱਚ ਹੋਈ ਚੋਣ ਵਿੱਚ ਹਰਪਿੰਦਰ ਸਿੰਘ ਨੂੰ ਵਾਈਸ ਚੇਅਰਮੈਨ ਚੁਣਿਆ ਗਿਆ ਹੈ | ਐਸ.ਡੀ.ਐਮ. ਸ੍ਰੀ ਸਤੀਸ਼ ਚੰਦਰ ਨੇ ਦੱਸਿਆ ਕਿ ਇਸ ਚੋਣ ਲਈ 15 ਅਪ੍ਰੈਲ ਨੂੰ ਪੱਤਰ ਜਾਰੀ ਕਰ ਦਿੱਤਾ ਗਿਆ ਸੀ ਜਿਸ ਮੁਤਾਬਿਕ ਅੱਜ ਸਵੇਰੇ 11 ਵਜੇ ਇਹ ਚੋਣ ਕੀਤੀ ਗਈ ਹੈ ਇਸ ਚੋਣ ਵਿੱਚ 15 ਬਲਾਕ ਸੰਮਤੀ ਮੈਂਬਰਾਂ ਦੇ ਨਾਲ ਨਾਲ ਵਿਧਾਇਕਾ ਨਰਿੰਦਰ ਕੌਰ ਭਰਾਜ ਵੀ ਵੋਟ ਪਾਉਣ ਦੇ ਹੱਕਦਾਰ ਸਨ | ਇਸ ਚੋਣ ਵਿੱਚ 16 ਵਿੱਚੋਂ 10 ਮੈਂਬਰ ਹਾਜ਼ਰ ਸਨ | ਚੇਅਰਪਰਸਨ ਜੋ ਅÏਰਤਾਂ ਲਈ ਰਿਜਰਵ ਸੀ, ਲਈ ਕੁਲਵਿੰਦਰ ਕੌਰ ਲੱਡੀ ਦਾ ਨਾਂਅ ਪੇਸ਼ ਕੀਤਾ ਗਿਆ | ਵਾਈਸ ਚੇਅਰਮੈਨ ਜੋ ਐਸ.ਸੀ. ਲਈ ਰਿਜਰਵ ਸੀ ਲਈ ਹਰਪਿੰਦਰ ਸਿੰਘ ਕਲੋਦੀ ਦਾ ਨਾਂ ਪੇਸ਼ ਕੀਤਾ ਗਿਆ | ਮੌਜੂਦ ਮੈਂਬਰਾਂ ਵਿੱਚੋਂ ਇਨ੍ਹਾਂ ਦੋਨਾਂ ਦੇ ਹੱਕ ਵਿੱਚ ਅੱਠ ਵੋਟਾਂ ਨਾਲ ਬਹੁਮਤ ਹੋਣ ਕਾਰਨ ਕੁਲਵਿੰਦਰ ਕੌਰ ਲੱਡੀ ਨੂੰ ਚੇਅਰਪਰਸਨ ਅਤੇ ਹਰਪਿੰਦਰ ਸਿੰਘ ਕਲੌਦੀ ਨੂੰ ਵਾਇਸ ਚੇਅਰਮੈਨ ਚੁਣ ਲਿਆ ਗਿਆ | ਇਸ ਜਸ਼ਨ ਦੇ ਮਾਹੌਲ ਵਿੱਚ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਲਾਕ ਸੰਮਤੀ ਦੇ ਚੁਣੇ ਗਏ ਚੇਅਰਪਰਸਨ ਅਤੇ ਵਾਈਸ ਚੇਅਰਮੈਨ, ਜੋ ਵੀ ਬਲਾਕ ਸੰਮਤੀ ਦੀਆਂ ਜ਼ਿੰਮੇਵਾਰੀਆਂ ਹਨ ਉਨ੍ਹਾਂ ਨੂੰ ਬਾਖ਼ੂਬੀ ਨਿਭਾਉਣਗੇ | ਵਿਧਾਇਕਾ ਭਰਾਜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਸੂਬਾ ਸਰਕਾਰ ਹਰ ਪਿੰਡ ਅਤੇ ਸ਼ਹਿਰ ਦੇ ਵਿਕਾਸ ਲਈ ਵਚਨਬੱਧ ਹੈ, ਵਿਕਾਸ ਕਾਰਜਾਂ ਲਈ ਫ਼ੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ | ਚੁਣੇ ਜਾਣ ਤੋਂ ਬਾਅਦ ਕੁਲਵਿੰਦਰ ਕੌਰ ਲੱਡੀ ਅਤੇ ਹਰਪਿੰਦਰ ਸਿੰਘ ਕਲੌਦੀ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਮਿਲੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ | ਉਨ੍ਹਾਂ ਮਿਲੀ ਜ਼ਿੰਮੇਵਾਰੀ ਲਈ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਧਾਇਕਾ ਨਰਿੰਦਰ ਕੌਰ ਭਰਾਜ ਦਾ ਧੰਨਵਾਦ ਕੀਤਾ | ਇਸ ਮੌਕੇ ਵਿਧਾਇਕਾ ਨਰਿੰਦਰ ਕੌਰ ਭਰਾਜ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼ਾਮ ਸਿੰਗਲਾ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਗੁਰਮੇਲ ਸਿੰਘ ਘਰਾਚੋਂ, ਦਲਜੀਤ ਸਿੰਘ ਘਰਾਚੋਂ, ਜ਼ਿਲ੍ਹਾ ਪਰੀਸ਼ਦ ਮੈਂਬਰ ਰਣਬੀਰ ਸਿੰਘ ਢੀਂਡਸਾ ਅਤੇ ਹੋਰਨਾਂ ਨੇ ਕੁਲਵਿੰਦਰ ਕੌਰ ਲੱਡੀ ਅਤੇ ਹਰਪਿੰਦਰ ਸਿੰਘ ਨੂੰ ਵਧਾਈਆਂ ਦਿੱਤੀਆਂ | ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਗੁਲਜ਼ਾਰ ਸਿੰਘ ਬੋਬੀ ਅਤੇ ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ ਨੇ ਵੀ ਚੁਣੇ ਗਏ ਚੇਅਰਪਰਸਨ ਅਤੇ ਵਾਈਸ ਚੇਅਰਮੈਨ ਨੂੰ ਵਧਾਈਆਂ ਦਿੱਤੀਆਂ ਹਨ |