ਧੂਰੀ, 19 ਅਪ੍ਰੈਲ (ਸੰਜੇ ਲਹਿਰੀ)-ਸ਼੍ਰੀ ਚੇਤੰਨਿਆ ਟੈਕਨੋ ਸਕੂਲ ਧੂਰੀ ਦੀ ਦਸਵੀਂ ਕਲਾਸ ਦੀ ਵਿਦਿਆਰਥਣ ਅਲੀਸ਼ਾ ਗੁਪਤਾ ਪੁੱਤਰੀ ਸ਼੍ਰੀ ਮਹੇਸ਼ ਕੁਮਾਰ ਗੁਪਤਾ ਅਤੇ ਪੋਤਰੀ ਟਕਸਾਲੀ ਕਾਂਗਰਸੀ ਆਗੂ ਸ੍ਰੀ ਹੰਸ ਰਾਜ ਗੁਪਤਾ ਨੇ ਸੀ.ਬੀ.ਐੱਸ.ਈ. ਦੀ ਪ੍ਰੀਖਿਆ ਦੇ ਐਲਾਨੇ ਗਏ ਨਤੀਜਿਆਂ ਵਿੱਚ 500 ਅੰਕਾਂ ਵਿਚੋਂ 497 ਅੰਕ ਹਾਸਲ ਕਰਕੇ ਆਪਣੇ ਸਕੂਲ ਅਤੇ ਧੂਰੀ ਦੇ ਹੋਰਨਾਂ ਸਕੂਲਾਂ ਦੇ ਵਿਦਿਆਰਥੀਆਂ ਦੇ ਮੁਕਾਬਲੇ ਪਹਿਲਾ ਸਥਾਨ ਹਾਸਲ ਕਰਕੇ ਧੂਰੀ ਇਲਾਕੇ, ਆਪਣੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ | ਆਪਣੀ ਇਸ ਮਾਣਮੱਤੀ ਪ੍ਰਾਪਤੀ ਬਾਰੇ ਜ਼ਿਕਰ ਕਰਦਿਆਂ ਅਲੀਸ਼ਾ ਗੁਪਤਾ ਨੇ ਆਪਣੇ ਅਧਿਆਪਕਾਂ, ਮਾਪਿਆਂ ਦੇ ਨਾਲ-ਨਾਲ ਵਿਸ਼ੇਸ਼ ਤੌਰ 'ਤੇ ਆਪਣੇ ਦਾਦਾ ਸ਼੍ਰੀ ਹੰਸਰਾਜ ਗੁਪਤਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਅਕਸਰ ਉਸ ਨੂੰ ਉਤਸ਼ਾਹਿਤ ਕਰਦੇ ਰਹਿੰਦੇ ਹਨ ਅਤੇ ਟਿਊਸ਼ਨ ਲੈ ਕੇ ਜਾਣ ਅਤੇ ਛੱਡਣ ਵਿੱਚ ਉਨ੍ਹਾਂ ਦੇ ਦਾਦਾ ਜੀ ਦਾ ਇੱਕ ਵੱਡਾ ਯੋਗਦਾਨ ਹੈ ਜਿਸ ਨੂੰ ਉਹ ਕਦੇ ਵੀ ਭੁੱਲਾ ਨਹੀਂ ਸਕਦੀ ਅਲੀਸ਼ਾ ਨੇ ਕਿਹਾ ਕਿ ਵੱਡੇ ਹੋਕੇ ਉਹ ਯੂ.ਪੀ.ਐੱਸ.ਸੀ. ਤੇ ਮੁਕਾਬਲੇ ਦੀਆਂ ਵੱਕਾਰੀ ਪ੍ਰੀਖਿਆਵਾਂ ਵਿੱਚ ਭਾਗ ਲੈ ਕੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰਨ ਦਾ ਸੁਪਨਾ ਦੇਖਦੀ ਹੈ | ਸ੍ਰੀ ਚੇਤਨਿਆ ਸਕੂਲ ਦੇ ਪ੍ਰਬੰਧਕਾਂ ਵੱਲੋਂ ਅਲੀਸ਼ਾ ਗੁਪਤਾ ਦੀ ਇਸ ਮਾਣਮੱਤੀ ਪ੍ਰਾਪਤੀ ਤੇ ਉਸ ਦਾ ਭਰਵਾਂ ਸਵਾਗਤ ਕਰਦਿਆਂ ਮਾਨ ਸਨਮਾਨ ਕੀਤਾ ਗਿਆ |