ਬਰਨਾਲਾ, 23 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਤਿੰਦਰਪਾਲ ਕੌਰ ਧਾਰੀਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਗੁਰਜੀਤ ਕੌਰ ਦੀ ਅਗਵਾਈ ਹੇਠ ਵੱਖ-ਵੱਖ ਸਕੂਲਾਂ ਦੀ ਚੈਕਿੰਗ ਕੀਤੀ ਗਈ | ਇਸ ਦੌਰਾਨ ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਸੰਘੇੜਾ, ਪੈਰਾਡਾਈਜ਼ ਅਕੈਡਮੀ ਹਮੀਦੀ ਅਤੇ ਸ਼ਹੀਦ ਭਗਤ ਸਿੰਘ ਪਬਲਿਕ ਸਕੂਲ ਹਮੀਦੀ ਤਿੰਨ ਸਕੂਲਾਂ ਦੀ ਚੈਕਿੰਗ ਕੀਤੀ ਗਈ | ਚੈਕਿੰਗ ਦੌਰਾਨ 13 ਸਕੂਲ ਬੱਸਾਂ ਦੀ ਚੈਕਿੰਗ ਕੀਤੀ ਗਈ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ 7 ਸਕੂਲ ਬੱਸਾਂ ਦੇ ਚਲਾਨ ਕੱਟੇ ਗਏ | ਜਾਂਚ ਸਮੇਂ ਕੁੱਝ ਬੱਸਾਂ ਵਿਚ ਅੱਗ ਬੁਝਾਉਣ ਵਾਲਾ ਜੰਤਰ ਮੌਜੂਦ ਨਾ ਹੋਣਾ, ਡਰਾਈਵਰ ਦਾ ਬਿਨਾਂ ਵਰਦੀ ਹੋਣਾ, ਬੱਸ 'ਤੇ ਸਕੂਲ ਦਾ ਨਾਮ ਸਪਸ਼ਟ ਤੌਰ 'ਤੇ ਦਰਜ ਨਾ ਹੋਣਾ, ਸਮਰੱਥਾ ਤੋਂ ਵੱਧ ਬੱਚਿਆਂ ਨੂੰ ਬਿਠਾਉਣਾ ਅਤੇ ਹੈਲਪਰ ਦੀ ਗ਼ੈਰ-ਹਾਜ਼ਰੀ ਵਰਗੀਆਂ ਗੰਭੀਰ ਖ਼ਾਮੀਆਂ ਸਾਹਮਣੇ ਆਈਆਂ | ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਅਧਿਕਾਰੀਆਂ ਵਲੋਂ ਸਬੰਧਿਤ ਸਕੂਲ ਪ੍ਰਬੰਧਨਾਂ ਨੂੰ 15 ਦਿਨਾਂ ਦੇ ਅੰਦਰ ਸਾਰੀਆਂ ਕਮੀਆਂ ਦੂਰ ਕਰ ਕੇ ਨਿਯਮਾਂ ਦੀ ਪੂਰੀ ਪਾਲਣਾ ਕਰਨ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ | ਇਸ ਮੌਕੇ ਟਰੈਫ਼ਿਕ ਵਿਭਾਗ ਤੋਂ ਗੁਰਚਰਨ ਸਿੰਘ (ਏ.ਐੱਸ.ਆਈ.), ਰਮਨਦੀਪ ਸਿੰਘ (ਕਾਂਸਟੇਬਲ) ਅਤੇ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਤੋਂ ਬਲਵਿੰਦਰ ਸਿੰਘ ਧਲੇਵਾਂ ਹਾਜ਼ਰ ਸਨ |