ਸੰਗਰੂਰ, 23 ਅਪ੍ਰੈਲ (ਧੀਰਜ ਪਸੋਰੀਆ) - ਵਿਸ਼ਵ ਧਰਤੀ ਦਿਵਸ ਮੌਕੇ ਵਾਤਾਵਰਨ ਅਤੇ ਧਰਤੀ ਦੀ ਸੁਰੱਖਿਆ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਕਿ੍ਸ਼ੀ ਵਿਗਿਆਨ ਕੇਂਦਰ ਵਿਖੇ ਇੱਕ ਸੰਖੇਪ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਡਾ. ਮਨਦੀਪ ਸਿੰਘ, ਇੰਚਾਰਜ, ਕਿ੍ਸ਼ੀ ਵਿਗਿਆਨ ਕੇਂਦਰ, ਸੰਗਰੂਰ ਨੇ ਦੱਸਿਆ ਕਿ ਵਿਸ਼ਵ ਧਰਤੀ ਦਿਵਸ ਮਨਾਉਣ ਦਾ ਮੁੱਖ ਮਕਸਦ ਕੁਦਰਤੀ ਸਰੋਤਾਂ ਅਤੇ ਵਾਤਾਵਰਨ ਦੀ ਸੁਰੱਖਿਆ ਪ੍ਰਤੀ ਵਧੇਰੇ ਜਾਗਰੂਕਤਾ ਫੈਲਾਉਣਾ ਹੈ | ਉਨ੍ਹਾਂ ਕਿਹਾ ਕਿ ਬਦਲ ਰਹੀਆਂ ਮੌਸਮੀ ਪ੍ਰਸਥਿਤੀਆਂ ਵਿਚ ਧਰਤੀ ਹੇਠਲੇ ਪਾਣੀ ਦੀ ਸੰਭਾਲ ਅਤੇ ਵਾਤਾਵਰਨ ਦੀ ਸੁਰੱਖਿਆ ਲਈ ਵੱਧ ਤੋਂ ਵੱਧ ਰੁੱਖ ਉੱਤੇ ਜ਼ੋਰ ਦੇਣਾ ਚਾਹੀਦਾ ਹੈ | ਇਸ ਤੋਂ ਇਲਾਵਾ ਖੇਤੀ ਵਿਚ ਰਸਾਇਣਕ ਖਾਦਾਂ ਦੀ ਸੰਤੁਲਿਤ ਅਤੇ ਸੁਚੱਜੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਵਧੇਰੇ ਸੁਚੇਤ ਹੋਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਕਿਸਾਨ ਵੀਰਾਂ ਨੂੰ ਫ਼ਸਲ ਵਿਚ ਰਸਾਇਣਿਕ ਖਾਦਾਂ ਦੀ ਵਰਤੋਂ ਮਿੱਟੀ ਪਰਖ ਦੇ ਆਧਾਰ 'ਤੇ ਹੀ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਜਿੱਥੇ ਕਣਕ ਦੀ ਫ਼ਸਲ ਨੂੰ ਸਿਫ਼ਾਰਸ਼ ਕੀਤੀ ਮਾਤਰਾ ਵਿਚ ਫਾਸਫੋਰਸ ਦੀ ਖਾਦ ਪਾਈ ਗਈ ਹੋਵੇ, ਉੱਥੇ ਸਾਉਣੀ ਵਿਚ ਝੋਨੇ ਨੂੰ ਫਾਸਫੋਰਸ ਖਾਦ ਪਾਉਣ ਦੀ ਲੋੜ ਨਹੀਂ ਹੁੰਦੀ | ਇਸ ਤੋਂ ਇਲਾਵਾ ਜ਼ਮੀਨ ਦੀ ਸਿਹਤ ਦੀ ਸੰਭਾਲ ਲਈ ਫ਼ਸਲੀ-ਰਹਿੰਦ ਖੰੂਹਦ ਨੂੰ ਖੇਤ ਵਿਚ ਹੀ ਮਿਲਾ ਦੇਣਾ ਚਾਹੀਦਾ ਹੈ | ਦੇਸੀ ਰੂੜੀ ਅਤੇ ਹਰੀ ਖਾਦ ਖੇਤ ਵਿਚ ਮਿਲਾਉਣ ਨਾਲ ਮਿੱਟੀ ਵਿਚ ਜੈਵਿਕ ਮਾਦੇ ਦੀ ਮਾਤਰਾ ਵਧਦੀ ਹੈ | ਜਿਸ ਨਾਲ ਰਸਾਇਣਿਕ ਖਾਦਾਂ ਦੀ ਵਰਤੋਂ ਵਿਚ ਕਮੀ ਆਉਂਦੀ ਹੈ | ਪਾਣੀ ਦੀ ਬੱਚਤ ਲਈ ਝੋਨੇ ਹੇਠੋਂ ਰਕਬਾ ਘਟਾ ਕੇ ਬਦਲਵੀਂਆਂ ਫ਼ਸਲਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ ਅਤੇ ਫ਼ਸਲ ਨੂੰ ਲੋੜ ਅਨੁਸਾਰ ਹੀ ਪਾਣੀ ਲਾਉਣਾ ਚਾਹੀਦਾ ਹੈ | ਝੋਨੇ ਦੀਆਂ ਘੱਟ ਸਮੇਂ ਦੀਆਂ ਕਿਸਮਾਂ ਦੀ ਕਾਸ਼ਤ ਅਤੇ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਨੂੰ ਅਪਣਾਉਣਾ ਚਾਹੀਦਾ ਹੈ | ਝੋਨੇ ਦੀ ਲੁਆਈ 20 ਜੂਨ ਤੋਂ ਬਾਅਦ ਦੀ ਕਰਨੀ ਚਾਹੀਦੀ ਹੈ | ਇਸ ਮੌਕੇ ਕਿ੍ਸ਼ੀ ਵਿਗਿਆਨ ਕੇਂਦਰ, ਸੰਗਰੂਰ ਦੀ ਟੀਮ ਵਲੋਂ ਮਹਿਲਾ ਸਿੱਖਿਆਰਥੀਆਂ ਨਾਲ ਮਿਲ ਕੇ ਵਾਤਾਵਰਨ ਦੀ ਸੁਰੱਖਿਆ ਲਈ ਸੁਹੰਜਨਾ ਦਾ ਬੂਟਾ ਲਗਾਇਆ ਗਿਆ | ਸਮਾਗਮ ਦੌਰਾਨ ਡਾ. ਰੁਕਿੰਦਰਪ੍ਰੀਤ ਸਿੰਘ, ਸਹਾਇਕ ਪ੍ਰੋਫੈਸਰ (ਫ਼ਸਲ ਵਿਗਿਆਨ) ਅਤੇ ਡਾ ਵਿਤਸਤਾ, ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਵਿਸ਼ੇਸ਼ ਤੌਰ 'ਤੇ ਮੌਜੂਦ ਸਨ |