ਮਲੇਰਕੋਟਲਾ, 23 ਅਪ੍ਰੈਲ (ਮੁਹੰਮਦ ਹਨੀਫ਼ ਥਿੰਦ)-ਗ੍ਰਹਿ ਮੰਤਰਾਲਾ ਭਾਰਤ ਸਰਕਾਰ ਦੇ ਨਿਰਦੇਸ਼ਾਂ ਤਹਿਤ ਅਨੁਸਾਰ ਅੱਜ ਯਾਨੀਕਿ 24 ਅਪ੍ਰੈਲ ਨੂੰ ਰਾਤ 8 ਵਜੇ ਅਰਿਹੰਤ ਸਪਿਨਿੰਗ ਮਿਲਜ਼ ਦੇ ਰਿਹਾਇਸ਼ੀ ਖੇਤਰਾਂ ਵਿਖੇ ਸਿਵਲ ਡਿਫੈਂਸ ਏਅਰ ਰੇਡ/ਬਲੈਕ-ਆਊਟ ਮੌਕ ਐਕਸਰਸਾਈਜ਼ ਕਰਵਾਈ ਜਾ ਰਹੀ ਹੈ | ਉਪਰੋਕਤ ਜਾਣਕਾਰੀ ਸਾਂਝੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਸਿੰਘ ਬਰਾੜ ਨੇ ਦੱਸਿਆ ਕਿ ਇਹ ਮੌਕ ਐਕਸਰਸਾਈਜ਼ ਡੀ.ਜੀ.ਪੀ. ਕਮ ਕਮਾਡੈਂਟ ਜਨਰਲ ਪੰਜਾਬ ਹੋਮ ਗਾਰਡਸ ਐਂਡ ਡਾਇਰੈਕਟਰ, ਸਿਵਲ ਡਿਫੈਂਸ ਪੰਜਾਬ ਅਤੇ ਜ਼ਿਲ੍ਹਾ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਰਵਾਈ ਜਾ ਜਾਵੇਗੀ | ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਮੌਕ ਐਕਸਰਸਾਈਜ਼ ਏਅਰ ਰੇਡ ਚੇਤਾਵਨੀ ਸਿਗਨਲ ਨਾਲ ਸ਼ੁਰੂ ਹੋਵੇਗੀ, ਜੋ ਸਾਇਰਨ ਵਜਾ ਕੇ ਦਿੱਤਾ ਜਾਵੇਗਾ ਅਤੇ ਬਿਜਲੀ ਵਿਭਾਗ ਵੱਲੋਂ ਕੇਵਲ ਇਸੇ ਹੀ ਇਲਾਕੇ ਦੀਆਂ ਬੱਤੀਆਂ ਨੂੰ ਕੁੱਝ ਸਮੇਂ ਲਈ ਬੰਦ ਕੀਤਾ ਜਾਵੇਗਾ ਅਤੇ ਸ਼ਹਿਰ ਦੀ ਬਿਜਲੀ ਸਪਲਾਈ ਬੰਦ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਨਿਰਧਾਰਿਤ ਸਥਾਨ 'ਤੇ ਬਲੈਕ-ਆਊਟ ਦੌਰਾਨ ਨਿਰਧਾਰਿਤ ਖੇਤਰਾਂ ਵਿਚ ਆਮ ਜਨਤਾ ਵੱਲੋਂ ਸਾਰੀ ਗੈਰ-ਜ਼ਰੂਰੀ ਬੱਤੀਆਂ ਬੰਦ ਕੀਤੀਆਂ ਜਾਣ | ਉਨ੍ਹਾਂ ਦੱਸਿਆ ਕਿ ਜ਼ਰੂਰੀ ਸੇਵਾਵਾਂ ਇਸ ਦੌਰਾਨ ਚੱਲਦੀਆਂ ਰਹਿਣਗੀਆਂ | ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਪੂਰੀ ਤਰ੍ਹਾਂ ਬਲੈਕ-ਆਊਟ ਨੂੰ ਯਕੀਨੀ ਬਣਾ ਕੇ ਪੂਰਾ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਦੱਸਿਆ ਕਿ ਅਭਿਆਸ ਦੌਰਾਨ ਜਨਰੇਟਰ, ਪਾਵਰ ਬੈਕਅੱਪ ਸਿਸਟਮ, ਟਾਰਚ, ਮੋਮਬੱਤੀਆਂ ਜਾਂ ਮਾਚਸ ਦੀਆਂ ਸਟਿਕਸ ਦੀ ਵਰਤੋਂ ਕਰਨ ਤੋਂ ਪਰਹੇਜ਼ ਕੀਤਾ ਜਾਵੇ | ਉਨ੍ਹਾਂ ਅਪੀਲ ਕੀਤੀ ਕਿ ਇਲਾਕਾ ਨਿਵਾਸੀ ਇਸ ਦੌਰਾਨ ਬਿਲਕੁਲ ਵੀ ਘਬਰਾਉਣ ਨਾ, ਕਿਉਂਕਿ ਇਹ ਸਿਰਫ਼ ਸਿਵਲ ਡਿਫੈਂਸ ਦੀ ਤਿਆਰੀ ਦੀ ਜਾਂਚ ਲਈ ਇਕ ਰੁਟੀਨ ਮੌਕ ਡਿ੍ੱਲ ਹੈ | ਇਸ ਮੌਕੇ ਐਸ.ਡੀ.ਐਮ. ਮਲੇਰਕੋਟਲਾ ਸ੍ਰੀਮਤੀ ਕਨੂ ਗਰਗ, ਡੀ.ਐਸ.ਪੀ (ਹੈੱਡਕੁਆਟਰ) ਸੁਮਿਤ ਸੂਦ, ਸਹਾਇਕ ਸਿਵਲ ਸਰਜਨ ਡਾ. ਸਜ਼ੀਲਾ ਖ਼ਾਨ, ਐਕਸ਼ੀਅਨ ਹਰਵਿੰਦਰ ਸਿੰਘ ਧੀਮਾਨ, ਕਾਰਜ ਸਾਧਕ ਅਫ਼ਸਰ ਚੰਦਰ ਪ੍ਰਕਾਸ਼ ਵਧਵਾ, ਜ਼ਿਲ੍ਹਾ ਫਾਇਰ ਅਫ਼ਸਰ ਜਸਪ੍ਰੀਤ ਸਿੰਘ, ਕੰਪਨੀ ਕਮਾਂਡਰ ਰੁਪਿੰਦਰ ਸਿੰਘ, ਮੈਨੇਜਰ (ਐੱਚ.ਐਰ) ਅਰਿਹੰਤ ਸਪੀਨਿੰਗ ਮਿੱਲਸ ਰਾਜ ਕੁਮਾਰ, ਅਰਿਹੰਤ ਸਪੀਨਿੰਗ ਮਿੱਲ ਤੋਂ ਇਲਾਵਾ ਪ੍ਰੀਤਪਾਲ ਸਿੰਘ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ |