ਸੁਨਾਮ ਊਧਮ ਸਿੰਘ ਵਾਲਾ, 23 ਅਪ੍ਰੈਲ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)-ਸੁਨਾਮ ਬਲਾਕ ਵਿਚ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਜ਼ਿਲ੍ਹਾ ਟਾਸਕ ਫੋਰਸ ਵੱਲੋਂ ਵੱਖ-ਵੱਖ ਸਕੂਲਾਂ ਵਿੱਚ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ | ਇਸ ਅਭਿਆਨ ਦੌਰਾਨ ਸਕੂਲੀ ਬੱਸਾਂ, ਡਰਾਈਵਰਾਂ ਦੇ ਲਾਜ਼ਮੀ ਦਸਤਾਵੇਜ਼ ਅਤੇ ਸਕੂਲ ਪ੍ਰਬੰਧਨ ਵੱਲੋਂ ਬੱਚਿਆਂ ਦੀ ਸੁਰੱਖਿਆ ਲਈ ਕੀਤੀਆਂ ਵਿਵਸਥਾਵਾਂ ਦੀ ਵਿਸਥਾਰਪੂਰਵਕ ਜਾਂਚ ਕੀਤੀ ਗਈ | ਕੁੱਲ 10 ਸਕੂਲੀ ਬੱਸਾਂ ਦੇ ਚਲਾਨ ਕੱਟੇ ਗਏ | ਇਹ ਚਲਾਨ ਰਜਿਸਟਰੇਸ਼ਨ ਦੀ ਕਮੀ, ਫਿਟਨੈੱਸ ਅਤੇ ਇੰਨਸ਼ੋਰੈਂਸ ਸਰਟੀਫਿਕੇਟ ਦੀ ਅਣਉਪਲਬਧਤਾ, ਡਰਾਈਵਰਾਂ ਦੀ ਹਾਜ਼ਰੀ ਰਿਕਾਰਡ ਵਿੱਚ ਕਮੀਆਂ, ਨਿਯਮਾਂ ਅਨੁਸਾਰ ਯੂਨੀਫ਼ਾਰਮ ਦੀ ਪਾਲਣਾ ਨਾ ਹੋਣਾ, ਫਾਇਰ ਸਿਲੈਂਡਰ, ਫ਼ਸਟ ਏਡ ਬਾਕਸ, ਲੇਡੀ ਕੰਡਕਟਰ ਨਾ ਹੋਣਾ ਅਤੇ ਹੋਰ ਸੁਰੱਖਿਆ ਮਾਪਦੰਡਾਂ ਦੀ ਉਲੰਘਣਾ ਕਾਰਨ ਜਾਰੀ ਕੀਤੇ ਗਏ | ਇਸ ਚੈਕਿੰਗ ਮੁਹਿੰਮ ਨੂੰ ਸਫਲਤਾਪੂਰਵਕ ਅੰਜਾਮ ਦੇਣ ਲਈ ਟਾਸਕ ਫੋਰਸ ਦੇ ਮੈਂਬਰਾਂ ਪੁਲਿਸ ਤੋਂ ਨਿਰਭੈ ਸਿੰਘ ਤੇ ਦਾਨ ਸਿੰਘ, ਸਿੱਖਿਆ ਵਿਭਾਗ ਤੋਂ ਗੁਰਜਿੰਦਰ ਸਿੰਘ, ਡੀ.ਸੀ.ਪੀ.ਯੂ. ਨਿਰਮਲ ਕੌਰ ਤੇ ਰੁਪਿੰਦਰ ਸਿੰਘ ਵੱਲੋਂ ਸਾਂਝੇ ਤੌਰ 'ਤੇ ਕਾਰਵਾਈ ਕੀਤੀ ਗਈ |