16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਵੱਖ-ਵੱਖ ਥਾੲੀਂ 'ਆਪ' ਦੇ ਆਗੂਆਂ ਤੇ ਵਲੰਟੀਅਰਾਂ ਵਲੋਂ ਰਾਘਵ ਚੱਢਾ ਖ਼ਿਲਾਫ਼ ਪੁਤਲਾ ਫ਼ੂਕ ਪ੍ਰਦਰਸ਼ਨ <br/>

Ad Position 21
repet_subhas-goyals [Copy P29]
ਅਜੀਤ ਡੈਸਕ 27-04-2026
ਧੂਰੀ, 26 ਅਪ੍ਰੈਲ (ਲਖਵੀਰ ਸਿੰਘ ਧਾਂਦਰਾ)-ਧੂਰੀ ਵਿਖੇ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਲੰਟੀਅਰਾਂ ਵੱਲੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਖ਼ਿਲਾਫ਼ ਪੁਤਲਾ ਫ਼ੂਕ ਪ੍ਰਦਰਸ਼ਨ ਕੀਤਾ ਗਿਆ | ਇਸ ਦੌਰਾਨ ਵੱਡੀ ਗਿਣਤੀ ਵਿੱਚ ਪਾਰਟੀ ਵਰਕਰਾਂ ਅਤੇ ਇਲਾਕਾ ਨਿਵਾਸੀਆਂ ਨੇ ਭਾਗ ਲਿਆ ਅਤੇ ਨਾਅਰੇਬਾਜ਼ੀ ਕਰਦਿਆਂ ਆਪਣਾ ਤਿੱਖਾ ਰੋਸ ਪ੍ਰਗਟਾਇਆ | ਪ੍ਰਦਰਸ਼ਨ ਦੌਰਾਨ ਆਗੂਆਂ ਨੇ ਕਿਹਾ ਕਿ ਕੁਝ ਰਾਜ ਸਭਾ ਮੈਂਬਰਾਂ ਵੱਲੋਂ ਪੰਜਾਬ ਦੇ ਹੱਕਾਂ ਅਤੇ ਹਿਤਾਂ ਦੇ ਖ਼ਿਲਾਫ਼ ਖੜ੍ਹ ਕੇ ਸੂਬੇ ਨਾਲ ਧੋਖਾ ਕੀਤਾ ਗਿਆ ਹੈ, ਜਿਸ ਨਾਲ ਲੋਕਾਂ ਵਿੱਚ ਗ਼ੁੱਸਾ ਹੈ | ਇਸ ਮੌਕੇ ਪੰਜਾਬ ਲਘੂ ਉਦਯੋਗ ਤੇ ਨਿਰਯਾਤ ਨਿਗਮ ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸੱਤ ਰਾਜ ਸਭਾ ਮੈਂਬਰਾਂ ਵੱਲੋਂ ਪੰਜਾਬ ਦੇ ਹਿਤਾਂ ਨਾਲ ਗ਼ੱਦਾਰੀ ਕੀਤੀ ਗਈ ਹੈ, ਜਿਸ ਨੰੂ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸੂਬੇ ਨਾਲ ਧੋਖਾ ਕਰਨ ਵਾਲਿਆਂ ਨੂੰ ਕਦੇ ਮਾਫ਼ ਨਹੀਂ ਕਰਨਗੇ ਅਤੇ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਨੂੰ ਲੋਕਤੰਤਰਿਕ ਢੰਗ ਨਾਲ ਸਬਕ ਸਿਖਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਪੰਜਾਬ ਦੇ ਹੱਕਾਂ ਨਾਲ ਸਮਝੌਤਾ ਕਰਨ ਵਾਲਿਆਂ ਨੂੰ ਜਨਤਾ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ | ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਜਨਤਾ ਸਭ ਤੋਂ ਵੱਡੀ ਤਾਕਤ ਹੁੰਦੀ ਹੈ ਅਤੇ ਸਮੇਂ ਆਉਣ 'ਤੇ ਲੋਕ ਅਜਿਹੇ ਨੇਤਾਵਾਂ ਨੂੰ ਆਪਣਾ ਫੈਸਲਾ ਸੁਣਾਉਣਗੇ | ਮਾਰਕੀਟ ਕਮੇਟੀ ਧੂਰੀ ਦੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ ਨੇ ਕਿਹਾ ਕਿ ਇਹ ਪ੍ਰਦਰਸ਼ਨ ਲੋਕਾਂ ਦੀਆਂ ਭਾਵਨਾਵਾਂ ਦਾ ਪ੍ਰਤੀਕ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਆਪਣੀ ਮਿੱਟੀ ਅਤੇ ਹੱਕਾਂ ਨਾਲ ਜੁੜੇ ਹੋਏ ਹਨ ਅਤੇ ਜੋ ਵੀ ਉਨ੍ਹਾਂ ਦੇ ਹੱਕਾਂ 'ਤੇ ਡਾਕਾ ਮਾਰੇਗਾ, ਉਸ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ | ਇਸ ਮੌਕੇ ਚੇਅਰਮੈਨ ਪੁਸ਼ਪਿੰਦਰ ਸ਼ਰਮਾ, ਨਰੇਸ਼ ਸਿੰਗਲਾ, ਦਰਸ਼ਨ ਸਿੰਘ ਪਾਠਕ, ਵੀਰਭਾਨ, ਸੁਖਪਾਲ ਸਿੰਘ ਪਾਲਾ, ਬਲਦੇਵ ਖਾਲਸਾ, ਅਜੈਬ ਸਿੰਘ ਹੈਪੀ, ਹਰਪ੍ਰੀਤ ਗਿੱਲ, ਤਰਸੇਮ ਕਲਸੀ, ਨੰਬਰਦਾਰ ਰਜਿੰਦਰ ਸਿੰਘ ਪੇਧਨੀ ਸਮੇਤ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਅਤੇ ਵਲੰਟੀਅਰ ਮੌਜੂਦ ਸਨ |
ਅਮਰਗੜ੍ਹ ਦੀ ਅਗਵਾਈ ਹੇਠ 'ਆਪ' ਵਰਕਰਾਂ ਨੇ ਬਾਗ਼ੀ ਸੰਸਦ ਮੈਂਬਰਾਂ ਦੇ ਪੁਤਲੇ ਸਾੜੇ
ਅਮਰਗੜ੍ਹ, (ਜਤਿੰਦਰ ਮੰਨਵੀ, ਪਵਿੱਤਰ ਸਿੰਘ)-ਆਮ ਆਦਮੀ ਪਾਰਟੀ ਨੂੰ ਛੱਡ ਕੇ ਗਏ ਰਾਘਵ ਚੱਡਾ ਸਮੇਤ ਹੋਰ ਬਾਗ਼ੀ ਸਾਂਸਦਾਂ ਖ਼ਿਲਾਫ਼ ਹਲਕਾ ਅਮਰਗੜ੍ਹ ਦੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਦੀ ਅਗਵਾਈ ਹੇਠ ਅੱਜ ਅਨਾਜ ਮੰਡੀ ਨੇੜੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਦੌਰਾਨ ਗ਼ੁੱਸੇ 'ਚ ਆਏ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਬਾਗ਼ੀ ਆਗੂਆਂ ਦੇ ਪੁਤਲੇ ਸਾੜ ਕੇ ਜੰਮ ਕੇ ਨਾਅਰੇਬਾਜ਼ੀ ਕੀਤੀ | ਵੱਡੀ ਗਿਣਤੀ 'ਚ ਇਕੱਠੇ ਹੋਏ ਵਰਕਰਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਪ੍ਰੋ. ਗੱਜਣਮਾਜਰਾ ਨੇ ਭਾਜਪਾ ਤੇ ਤਿੱਖੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਭਾਜਪਾ ਨੇ ਹਮੇਸ਼ਾ ਕੋਝੀ ਰਾਜਨੀਤੀ ਰਾਹੀਂ ਸੱਤਾ ਹਥਿਆਉਣ ਦੀ ਕੋਸ਼ਿਸ਼ ਕੀਤੀ ਹੈ ਤੇ ਜਿੱਥੇ ਭਾਜਪਾ ਦੀ ਪੈਸੇ ਦੀ ਰਾਜਨੀਤੀ ਅਸਫਲ ਹੁੰਦੀ ਹੈ, ਉੱਥੇ ਉਹ ਕੇਂਦਰੀ ਏਜੰਸੀਆਂ ਨੂੰ ਹਥਿਆਰ ਵਜੋਂ ਵਰਤ ਕੇ ਵਿਰੋਧੀਆਂ ਨੂੰ ਦਬਾਉਂਦੀ ਹੈ | ਪਰ ਜਿਹੜੇ ਲੋਕ ਦਬਾਅ ਹੇਠ ਆ ਕੇ ਆਪਣੀ ਮਾਂ-ਪਾਰਟੀ ਨਾਲ ਗ਼ੱਦਾਰੀ ਕਰਦੇ ਹਨ, ਉਹ ਰਾਜਨੀਤੀ ਦੇ ਕਾਬਲ ਨਹੀਂ ਹਨ ਤੇ ਸਮਾਂ ਬਦਲਣ 'ਤੇ ਅਜਿਹੇ ਲੋਕ ਮੁੜ ਪਾਸਾ ਪਲਟਣ ਲੱਗੇ ਦੇਰ ਨਹੀਂ ਲਗਾਉਣਗੇ | ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕੇਵਲ ਸਿੰਘ ਜਾਗੋਵਾਲ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਪ੍ਰੀਤ ਸਿੰਘ ਹੈਪੀ ਨੰਗਲ ਸਮੇਤ ਹੋਰ ਬੁਲਾਰਿਆਂ ਨੇ ਕਿਹਾ ਕਿ ਪਾਰਟੀ ਨੇ ਜਿਨ੍ਹਾਂ ਚਿਹਰਿਆਂ ਨੂੰ ਬੇਅੰਤ ਮਾਣ-ਸਨਮਾਨ ਅਤੇ ਉੱਚੇ ਅਹੁਦੇ ਬਖ਼ਸ਼ੇ, ਉਨ੍ਹਾਂ ਨੇ ਨਿੱਜੀ ਲਾਲਸਾਵਾਂ ਲਈ ਪਾਰਟੀ ਦੀਆਂ ਜੜ੍ਹਾਂ ਵੱਢਣ ਦੀ ਕੋਸ਼ਿਸ਼ ਕੀਤੀ | ਉਨ੍ਹਾਂ ਸਪਸ਼ਟ ਕੀਤਾ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਸੱਚੇ ਸਿਪਾਹੀ ਅਜੇ ਵੀ ਚਟਾਨ ਵਾਂਗ ਪਾਰਟੀ ਨਾਲ ਖੜ੍ਹੇ ਹਨ | ਇਸ ਮੌਕੇ ਸਾਬਕਾ ਸਰਪੰਚ ਸਰਬਜੀਤ ਸਿੰਘ ਗੋਗੀ, ਪ੍ਰਦੀਪ ਕੁਮਾਰ ਜੱਗੀ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਅਮਰਗੜ੍ਹ, ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਕਰਮਜੀਤ ਸਿੰਘ ਸੋਹੀ, ਸਰਪੰਚ ਸੁਖਵਿੰਦਰ ਸਿੰਘ ਸਾਹੀ ਝੱਲ, ਰਾਜੀਵ ਕੁਮਾਰ ਤੋਗਾਹੇੜੀ ਨਿਜੀ ਸਕੱਤਰ, ਚਰਨਜੋਤ ਸਿੰਘ ਰੂਬਲ ਲਾਂਗੜੀਆਂ, ਮਲਕੀਤ ਸਿੰਘ ਢੀਡਸਾ, ਹਰਦੀਪ ਸਿੰਘ ਸਲਾਰ, ਗੋਗਾ ਜਾਗੋਵਾਲ, ਰਵਿੰਦਰ ਸਿੰਘ ਰਾਏਪੁਰ, ਭਗਵੰਤ ਸਿੰਘ ਭੜੀਮਾਨਸਾ, ਬਿੱਟੂ ਬਨਭੌਰਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਸਰਪੰਚ ਸ਼ਮਸ਼ਾਦ ਅਲੀ ਉਪੋਕੀ, ਗੁਰਦਾਸ ਸਿੰਘ, ਗੁਰਬਾਜ ਸਿੰਘ ਸਲੇਮਪੁਰ, ਬਲਾਕ ਪ੍ਰਧਾਨ ਜਰਨੈਲ ਸਿੰਘ ਟਿਵਾਣਾ ਅਤੇ ਜਗਜੀਤ ਸਿੰਘ ਸੰਧੂ ਸਮੇਤ ਵੱਡੀ ਗਿਣਤੀ 'ਚ ਆਪ ਆਗੂ ਤੇ ਵਰਕਰ ਮੌਜੂਦ ਸਨ |
ਦਲਬਦਲੂ ਸੰਸਦ ਮੈਂਬਰਾਂ ਵਿਰੁੱਧ ਗ਼ੁੱਸੇ 'ਚ ਆਏ 'ਆਪ' ਵਰਕਰਾਂ ਵਲੋਂ ਰੋਸ ਪ੍ਰਦਰਸ਼ਨ
ਸੁਨਾਮ ਊਧਮ ਸਿੰਘ ਵਾਲਾ, (ਧਾਲੀਵਾਲ, ਭੁੱਲਰ, ਸੱਗੂ)-ਰਾਜ ਸਭਾ ਮੈਂਬਰਾਂ ਰਾਘਵ ਚੱਢਾ, ਸੰਦੀਪ ਪਾਠਕ, ਵਿਕਰਮ ਸਾਹਨੀ, ਹਰਭਜਨ ਸਿੰਘ, ਅਸ਼ੋਕ ਮਿੱਤਲ ਅਤੇ ਰਾਜਿੰਦਰ ਗੁਪਤਾ ਦੇ ਭਾਰਤੀ ਜਨਤਾ ਪਾਰਟੀ ਨਾਲ ਮਿਲ ਜਾਣ 'ਤੇ ਦਲਬਦਲੂ ਸੰਸਦ ਮੈਂਬਰਾਂ ਵਿਰੁੱਧ ਗ਼ੁੱਸੇ ਵਿਚ ਆਏ ਆਪ ਆਗੂਆਂ ਅਤੇ ਵਰਕਰਾਂ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਦੌਰਾਨ ਪਾਰਟੀ ਵਰਕਰਾਂ ਨੇ 'ਪੰਜਾਬ ਦੇ ਗੱਦਾਰ ਮੁਰਦਾਬਾਦ' ਦੇ ਨਾਅਰੇ ਲਗਾਏ | ਆਪ ਸੂਬਾ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਅਗਵਾਈ ਵਾਲੀ ਟੀਮ ਮੈਂਬਰਾਂ ਨੇ ਸੁਨਾਮ ਦੇ ਹਲਕਾ ਸੰਗਠਨ ਇੰਚਾਰਜ ਅਵਤਾਰ ਸਿੰਘ ਈਲਵਾਲ, ਬਲਾਕ ਪ੍ਰਧਾਨ ਸਾਹਿਬ ਸਿੰਘ ਤੇ ਸੰਦੀਪ ਸਿੰਘ ਦੀ ਅਗਵਾਈ 'ਚ ਆਪ ਵਰਕਰਾਂ ਨੇ ਸ਼ਹਿਰ ਵਿੱਚ ਮੁਜ਼ਾਹਰਾ ਕੀਤਾ | ਅਵਤਾਰ ਸਿੰਘ ਈਲਵਾਲ, ਬਲਾਕ ਪ੍ਰਧਾਨ ਸਾਹਿਬ ਸਿੰਘ ਤੇ ਸੰਦੀਪ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ 2027 ਵਿੱਚ 'ਆਪ' ਦੀ ਸਰਕਾਰ ਮੁੜ ਸੱਤਾ ਵਿੱਚ ਆਵੇਗੀ ਅਤੇ ਭਾਜਪਾ ਦੀਆਂ ਹਤਾਸ਼ ਚਾਲਾਂ ਕਾਮਯਾਬ ਨਹੀਂ ਹੋਣਗੀਆਂ | ਇਸ ਮੌਕੇ ਸਾਹਿਲ ਗਿੱਲ, ਮਨੀ ਸਰਾਓ, ਭਾਨੂ ਪ੍ਰਤਾਪ, ਯਾਦਵਿੰਦਰ ਨਿਰਮਾਣ, ਸੰਨੀ ਖੱਟਕ, ਹਰਵਿੰਦਰ ਨਾਮਧਾਰੀ, ਸੋਨੂੰ ਵਰਮਾ, ਨਿਰਮਲਾ ਦੇਵੀ, ਗੁਰਚਰਨ ਸਿੰਘ, ਬਲਾਕ ਪ੍ਰਧਾਨ ਜਗਵੀਰ ਅਕਬਰਪੁਰ, ਵਿਸ਼ਾਲ ਕੌਸ਼ਲ, ਐਮ ਸੀ ਹਰਪਾਲ ਸਿੰਘ ਹਾਂਡਾ ਤੇ ਚਮਕੌਰ ਸਿੰਘ ਹਾਂਡਾ, ਦੀਪਾ ਭਰੂਰ ਅਤੇ ਰਵੀ ਕਮਲ ਗੋਇਲ ਸਮੇਤ ਕਈ ਹੋਰ ਵੀ ਸੀਨੀਅਰ ਆਗੂ ਮੌਜੂਦ ਸਨ |
'ਆਪ' ਵਰਕਰਾਂ ਨੇ ਭਾਜਪਾ 'ਚ ਸ਼ਾਮਿਲ ਹੋਏ ਰਾਜ ਸਭਾ ਮੈਂਬਰਾਂ ਦੇ ਪੁਤਲੇ ਫੂਕੇ
ਦਿੜ੍ਹਬਾ ਮੰਡੀ, (ਹਰਬੰਸ ਸਿੰਘ ਛਾਜਲੀ)-ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਏ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰਾਂ ਦੇ ਪੁਤਲੇ ਫੂਕ ਕੇ ਆਪ ਵਰਕਰਾਂ ਨੇ ਰੋਸ ਪ੍ਰਦਰਸ਼ਨ ਕੀਤਾ | ਵਿੱਤ ਮੰਤਰੀ ਦੇ ਓ.ਐੱਸ.ਡੀ. ਤਪਿੰਦਰ ਸਿੰਘ ਸੋਹੀ, ਇੰਪਰੂਵਮੈਂਟ ਟਰੱਸਟ ਸੰਗਰੂਰ ਦੇ ਚੇਅਰਮੈਨ ਪ੍ਰੀਤਮ ਸਿੰਘ ਪੀਤੂ, ਮਾਰਕਿਟ ਕਮੇਟੀ ਦਿੜ੍ਹਬਾ ਦੀ ਚੇਅਰਪਰਸਨ ਜਸਬੀਰ ਕੌਰ ਸ਼ੇਰਗਿੱਲ ਦੀ ਅਗਵਾਈ ਹੇਠ ਆਪ ਵਰਕਰਾਂ ਨੇ ਪਾਰਟੀ ਛੱਡ ਕੇ ਗਏ ਰਾਜ ਸਭਾ ਮੈਂਬਰਾਂ ਖਿਲਾਫ਼ ਪ੍ਰਦਰਸ਼ਨ ਕਰਦਿਆਂ ਪੰਜਾਬ ਦੇ ਗੱਦਾਰ ਕਹਿ ਕੇ ਨਾਅਰੇ ਲਗਾਏ | ਆਪ ਆਗੂਆਂ ਨੇ ਕਿਹਾ ਕਿ ਰਾਜ ਸਭਾ ਮੈਂਬਰਾਂ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ | ਜਿਸ ਕਰ ਕੇ ਪੰਜਾਬ ਆਉਣ ਤੇ ਵਿਰੋਧ ਕੀਤਾ ਜਾਵੇਗਾ | ਰਾਜ ਸਭਾ ਮੈਂਬਰਾਂ ਦੇ ਭਾਜਪਾ 'ਚ ਜਾਣ ਨਾਲ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਕੋਈ ਫ਼ਰਕ ਨਹੀਂ ਪਿਆ | ਕਿਉਂਕਿ ਰਾਜ ਸਭਾ ਮੈਂਬਰਾਂ ਦਾ ਪੰਜਾਬ ਦੇ ਲੋਕਾਂ ਨਾਲ ਕੋਈ ਸੰਬੰਧ ਨਹੀਂ | ਇਸ ਮੌਕੇ ਮਾਰਕੀਟ ਕਮੇਟੀ ਸੂਲਰ ਘਰਾਟ ਦੇ ਚੇਅਰਮੈਨ ਹਰਵਿੰਦਰ ਸਿੰਘ ਛਾਜਲੀ, ਬਲਾਕ ਸੰਮਤੀ ਛਾਜਲੀ ਦੇ ਚੇਅਰਮੈਨ ਰਣਜੀਤ ਸਿੰਘ, ਬਲਾਕ ਸੰਮਤੀ ਦਿੜ੍ਹਬਾ ਦੀ ਚੇਅਰਪਰਸਨ ਮਨਜੀਤ ਕੌਰ ਆਦਿ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਜੋਤਸ਼ੀ ਵਲੋਂ ਘਰ 'ਚ ਹਵਨ ਕਰਵਾਉਣ ਬਹਾਨੇ ਪੋਟਲੀ 'ਚ ਰਖਵਾਏ ਸਾਢੇ 5 ਤੋਲੇ ਸੋਨੇ ਦੇ ਗਹਿਣਿਆਂ ਦੀ ਥਾਂ ਨਿਕਲੇ ਛੁਆਰੇ... ਅਗਲੀ ਖ਼ਬਰ ਬੈਂਕ ਅੱਗੇ ਧਰਨਾ ਅੱਜ <br/>
Ad Position 24