ਸੰਗਰੂਰ, 26 ਅਪ੍ਰੈਲ (ਸੁਖਵਿੰਦਰ ਸਿੰਘ ਫੁੱਲ)-ਸਥਾਨਕ ਦਾ ਗ੍ਰੈਡ ਪ੍ਰੀ ਸਕੂਲ ਵਿੱਚ ਵਿਸ਼ਵ ਪੁਸਤਕ ਦਿਵਸ ਮੌਕੇ ਕਰਵਾਏ ਸਿੱਖਿਆਤਮਕ ਸਮਾਗਮ ਦੌਰਾਨ ਨਿੱਕੇ-ਨਿੱਕੇ ਬਾਲਾਂ ਨੇ ਪੁਸਤਕਾਂ ਨਾਲ ਆਪਣਾ ਨਾਤਾ ਜੋੜਿਆ | ਬੱਚਿਆਂ ਨੰੂ ਪੁਸਤਕਾਂ ਵਿੱਚੋਂ ਉਨ੍ਹਾਂ ਦੇ ਪਸੰਦ ਦੀਆਂ ਕਹਾਣੀਆਂ ਸੁਣਾ ਕੇ ਉਨ੍ਹਾਂ ਪਾਸੋਂ ਕਹਾਣੀ ਦੇ ਪਾਤਰਾਂ ਦੇ ਕਾਗ਼ਜ਼ੀ ਚਿੱਤਰ ਬਣਵਾਏ ਗਏ ਅਤੇ ਨਾਲ ਹੀ ਉਨ੍ਹਾਂ ਪਾਸੋਂ ਉਨ੍ਹਾਂ ਦੇ ਮਨਪਸੰਦ ਪਾਤਰਾਂ ਦੀ ਭੂਮਿਕਾ ਦਾ ਪ੍ਰਦਰਸ਼ਨ ਕਰਵਾਇਆ ਗਿਆ | ਛੋਟੇ ਬੱਚਿਆਂ ਲਈ ਅਕਾਦਮਿਕ, ਮਾਨਸਿਕ, ਸਰੀਰਕ ਅਤੇ ਸਮਾਜਿਕ ਵਿਕਾਸ ਦਾ ਵਿਸ਼ੇਸ਼ ਧਿਆਨ ਰੱਖਣ ਵਾਲੇ ਇਸ ਸਕੂਲ ਦੇ ਪ੍ਰਬੰਧਕਾਂ ਨੰੂ ਬੱਚਿਆਂ ਨੰੂ ਪੁਸਤਕਾਂ ਵੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਨੰੂ ਦੱਸਿਆ ਗਿਆ ਕਿ ਕਿਤਾਬਾਂ ਸਾਡੇ ਸੱਚੇ ਦੋਸਤ ਹੁੰਦੇ ਹਨ, ਜੋ ਸਾਨੰੂ ਗਿਆਨ ਦੇਣ ਦੇ ਨਾਲ-ਨਾਲ ਸਹੀ ਰਸਤਾ ਵੀ ਦਿਖਾਉਂਦੇ ਹਨ | ਬੱਚਿਆਂ ਨੰੂ ਪੇ੍ਰਰਿਤ ਕੀਤਾ ਗਿਆ ਕਿ ਉਹ ਰੋਜ਼ਾਨਾ ਕਿਤਾਬਾਂ ਨਾਲ ਦੋਸਤੀ ਬਣਾਉਣ ਅਤੇ ਪੜ੍ਹਨ ਦੀ ਆਦਤ ਵਿਕਸਿਤ ਕਰਨ |